ਪੰਜਾਬ ਮਜ਼ਦੂਰਾਂ, ਦਲਿਤਾਂ, ਪਛੜੇ ਵਰਗਾਂ ਤੇ ਘੱਟਗਿਣਤੀਆਂ ਦੀ ਦੁਰਗਤੀ ਦਾ ਘਰ-ਜਸਵੀਰ ਸਿੰਘ ਗੜ੍ਹੀ

0
712

ਚੰਡੀਗੜ੍ਹ: ਬਹੁਜਨ ਸਮਾਜ ਪਾਰਟੀ ਨੇ ਅੱਜ ਸੰਗਰੂਰ ਵਿਖੇ ਵਿਸ਼ਾਲ ਰੋਸ ਪ੍ਰਦਰਸਨ ਤੇ ਰੋਸ ਮਾਰਚ ਕੀਤਾ। ਅਗਸਤ 15 ਤੋਂ ਸ਼ੁਰੂ ਕੀਤੇ ਬਸਪਾ ਦੇ ਇਸ ਅੰਦੋਲਨ ਦਾ ਅੱਜ 18ਵਾਂ ਰੋਸ ਮਾਰਚ ਸੀ, ਜੋਕਿ ਪੰਜਾਬ ਦੇ ਵੱਖ ਵੱਖ ਜਿਲ੍ਹਾ ਹੈੱਡ ਕੁਆਰਟਰ ਤੇ ਕਰਕੇ ਰਾਸ਼ਟਰਪਤੀ ਦੇ ਨਾਮ ਮੈਮੋਰੰਡਮ ਭੇਜੇ ਜਾ ਰਹੇ ਹਨ। ਇਸ ਮੌਕੇ ਬਸਪਾ ਵਰਕਰਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਅਜ਼ਾਦੀ ਦੇ 75 ਸਾਲਾਂ ਬਾਅਦ ਵੀ ਪੰਜਾਬ ਵਿੱਚ ਬਹੁਜਨ ਸਮਾਜ ਦੀ ਇੰਨੀ ਦੁਰਗਤੀ ਹੋ ਰਹੀ ਹੈ ਕਿ ਆਜ਼ਾਦੀ ਵਿੱਚ ਵੀ ਗੁਲਾਮੀ ਭਰਿਆ ਜੀਵਨ ਬਤੀਤ ਕਰ ਰਹੇ ਹਨ।

ਮਜ਼ਦੂਰਾਂ ਲਈ ਮਨਰੇਗਾ ਤਹਿਤ 100 ਦਿਨਾਂ ਕੰਮ ਵੀ ਪੂਰਾ ਨਹੀਂ ਮਿਲ ਰਿਹਾ ਤੇ ਨਾ ਹੀ ਸਰਕਾਰ ਵਲੋਂ ਨਿਯਤ ਕੀਤੀ ਦਿਹਾੜੀ। ਜਦੋਂਕਿ ਮਜ਼ਦੂਰ ਆਪਣੇ ਲਈ 800 ਰੁਪਿਆ ਦਿਹਾੜੀ ਮੰਗ ਰਹੇ ਹਨ। ਅਨੁਸੂਚਿਤ ਜਾਤੀਆਂ ਦੀ ਪੰਚਾਇਤੀ ਜਮੀਨ ਵਿੱਚ ਇੱਕ ਤਿਹਾਈ ਹਿੱਸਾ ਜ਼ਮੀਨ ਦਾ ਹੱਕ ਮਾਰਿਆ ਜਾ ਰਿਹਾ ਹੈ। ਅਨੁਸੂਚਿਤ ਜਾਤੀ ਲਈ ਲਾਅ ਅਫਸਰਾਂ ਦੀਆਂ 58 ਪੋਸਟਾਂ ਵਿਚ ਸਰਕਾਰ ਦੀ ਧੋਖਾਧੜੀ ਤੇ ਰਾਖਵਾਂਕਰਨ ਐਕਟ 2006 ਦੀ ਉਲੰਘਨਾ ਹੋ ਰਹੀ ਹੈ। ਦਲਿਤ ਵਰਗ ਦੇ ਮੁਲਾਜ਼ਮਾਂ ਲਈ 85ਵੀਂ ਸੰਵਿਧਾਨਿਕ ਸੋਧ ਤੇ 10/10/14 ਦਾ ਪੱਤਰ ਗੁਲਾਮੀ ਵੱਲ ਧੱਕ ਰਿਹਾ ਹੈ। ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤੇ ਰੋਕੀਆ ਡਿਗਰੀਆਂ ਦਾ ਮੁੱਦਾ, ਪਛੜੀਆਂ ਸ੍ਰੇਣੀਆਂ ਲਈ ਮੰਡਲ ਕਮਿਸ਼ਨ ਰਿਪੋਰਟ ਦਾ ਅਣਗੌਲਿਆ ਰੱਖਣਾ ਧੋਖਾਧੜੀ ਹੈ।

ਗੜ੍ਹੀ ਨੇ ਬਹੁਜਨ ਸਮਾਜ ਦੀ ਕਮਜੋਰ ਆਰਥਿਕਤਾ ਤੇ ਸਵਾਲ ਖੜੇ ਕਰਦਿਆਂ ਅਜ਼ਾਦੀ ਦੇ 75ਸਾਲਾਂ ਵਿੱਚ ਰਾਜ ਤੇ ਹਕੂਮਤ ਕਰਦੀਆਂ ਸਰਕਾਰਾਂ ਨੇ ਬਹੁਜਨ ਸਮਾਜ ਲਈ ਧਨ ਜ਼ਮੀਨ ਫੈਕਟਰੀਆਂ ਸੋਰੂਮਾਂ ਵਪਾਰ ਵਿਚ ਹਿਸੇਦਾਰੀ ਦੇਣ ਦੀ ਨੀਤੀ ਨੂੰ ਅਣਗੌਲਿਆ ਹੈ ਤੇ ਬਹੁਜਨ ਸਮਾਜ ਨੂੰ ਆਰਥਿਕ ਗੁਲਾਮ ਬਣਾ ਕੇ ਰੱਖ ਦਿੱਤਾ ਹੈ। ਬਹੁਜਨ ਸਮਾਜ ਪਾਰਟੀ ਇਸ ਸਮਾਜਿਕ ਤੇ ਆਰਥਿਕ ਗੁਲਾਮੀ ਨੂੰ ਖ਼ਤਮ ਕਰਨ ਲਈ ਸਮਾਜ ਨੂੰ ਲਾਮਬੰਦ ਕਰ ਰਹੀ ਹੈ।

ਗੜ੍ਹੀ ਨੇ ਜੋਰਦਾਰ ਤਰੀਕੇ ਨਾਲ ਗੱਲ ਰੱਖਦਿਆਂ ਆਮ ਆਦਮੀ ਪਾਰਟੀ ਦੇ ਬਖੀਏ ਉਧੇੜੇ ਤੇ ਕਿਹਾ ਕਿ 7 ਰਾਜ ਸਭਾ ਮੈਂਬਰਾਂ ਦੀ ਚੋਣ ਵਿੱਚ ਇੱਕ ਵੀ ਅਨੁਸੂਚਿਤ ਜਾਤੀ ਉਮੀਦਵਾਰ ਨਹੀਂ ਚੁਣਿਆ ਤੇ ਅਗਲੇ ਛੇ ਸਾਲ 2028 ਤੱਕ ਅਨੁਸੂਚਿਤ ਜਾਤੀਆਂ ਲਈ ਰਾਜ ਸਭਾ ਦੇ ਦਰਵਾਜੇ ਬੰਦ ਕਰ ਦਿੱਤੇ ਹਨ। ਜਗਰਾਉਂ ਵਿਖੇ ਅਨੁਸੂਚਿਤ ਜਾਤੀਆਂ ਦੀ ਔਰਤ ਜੋ ਕਿ ਆਮ ਆਦਮੀ ਪਾਰਟੀ ਦੀ ਜਿਲਾ ਜੁਆਇੰਟ ਸਕੱਤਰ ਹੈ, ਨੂੰ ਥਾਣੇ ਵਿਚ ਬੇਪੱਤ ਕੀਤਾ ਗਿਆ, ਮਾਲੇਰਕੋਟਲਾ ਦੇ ਅਬਦੁਲਪੁਰ ਪਿੰਡ ਚ ਮਜ਼੍ਹਬੀ ਸਿੱਖ ਭਾਈਚਾਰੇ ਦੇ ਗ੍ਰੰਥੀ ਸਿੰਘ ਦੀ ਦਾੜ੍ਹੀ ਪੁੱਟ ਕੇ ਮੂੰਹ ਕਾਲਾ ਕਰਕੇ ਮੂਤ ਪਿਲਾਉਣ ਦੀ ਵੀਡਿਓ ਦਾ ਵਾਇਰਲ ਰੋਣਾ ਆਦਿ ਦਲਿਤਾਂ ਤੇ ਜੁਲਮਾਂ ਦੀ ਦਾਸਤਾਨ ਹੈ।