ਸ਼੍ਰੀ ਰਾਮ ਦੇ ਸਵਾਗਤ ਲਈ ਪੰਜਾਬ ਤਿਆਰ, ਪ੍ਰਾਣ-ਪ੍ਰਤਿਸ਼ਠਾ ਪ੍ਰੋਗਰਾਮ 1000 ਸਕ੍ਰੀਨਾਂ ਤੇ ਦਿਖਾਇਆ ਜਾਵੇਗਾ ਲਾਈਵ

0
2128

ਚੰਡੀਗੜ੍ਹ, 22 ਜਨਵਰੀ| ਅੱਜ 22 ਜਨਵਰੀ ਨੂੰ ਅਯੁੱਧਿਆ ‘ਚ ਹੋਣ ਵਾਲੇ ਭਗਵਾਨ ਰਾਮ ਲੱਲਾ ਦੇ ਪ੍ਰਾਣ-ਪ੍ਰਤਿਸ਼ਠਾ ਪ੍ਰੋਗਰਾਮ ਨੂੰ ਲੈ ਕੇ ਪੰਜਾਬ ‘ਚ ਵੀ ਉਤਸ਼ਾਹ ਦੀ ਲਹਿਰ ਹੈ। ਪੰਜਾਬ ਦੇ ਸ਼ਹਿਰਾਂ ‘ਚ ਵੱਖ-ਵੱਖ ਥਾਵਾਂ ‘ਤੇ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਹਨ।

ਸ਼ਹਿਰ ਦੀਆਂ ਇਮਾਰਤਾਂ ਅਤੇ ਘਰਾਂ ਨੂੰ ਆਕਰਸ਼ਕ ਲਾਈਟਾਂ ਨਾਲ ਜਗਮਗਾਇਆ ਗਿਆ ਹੈ। ਅੱਜ ਪੂਰੇ ਪੰਜਾਬ ਵਿੱਚ ਹਜ਼ਾਰਾਂ ਸਕਰੀਨਾਂ ਲਗਾਈਆਂ ਜਾ ਰਹੀਆਂ ਹਨ, ਜਿੱਥੇ ਸ਼ਰਧਾਲੂ ਪ੍ਰਾਣ-ਪ੍ਰਤਿਸ਼ਠਾ ਪ੍ਰੋਗਰਾਮ ਨੂੰ ਲਾਈਵ ਦੇਖ ਸਕਣਗੇ। ਰਾਤ ਨੂੰ ਪੰਜਾਬ ਭਰ ਦੇ ਮੰਦਿਰਾਂ ਅਤੇ ਘਰਾਂ ਵਿੱਚ ਦੀਵੇ ਜਗਾਏ ਜਾਣਗੇ ਅਤੇ ਆਤਿਸ਼ਬਾਜ਼ੀ ਕੀਤੀ ਜਾਵੇਗੀ।

ਹਾਲ ਹੀ ਵਿੱਚ ਸ਼੍ਰੀ ਰਾਮ ਲੱਲਾ ਦੇ ਸਵਾਗਤ ਲਈ ਪੂਰੇ ਪੰਜਾਬ ਵਿੱਚ ਜਲੂਸ ਅਤੇ ਪੈਦਲ ਯਾਤਰਾ ਕੱਢੀ ਗਈ ਸੀ। ਅੱਜ ਸਵੇਰ ਤੋਂ ਹੀ ਧਾਰਮਿਕ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਮਾਨਤਾ ਪ੍ਰਾਪਤ ਸਕੂਲ ਐਸੋਸੀਏਸ਼ਨ ਨੇ ਆਪਣੇ ਪੱਧਰ ’ਤੇ ਸਕੂਲਾਂ ਵਿੱਚ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ। ਇਸ ਤੋਂ ਇਲਾਵਾ ਪੰਜਾਬ ਦੇ ਸਮੂਹ ਮੰਦਰਾਂ, ਮੰਡੀਆਂ ਦੀਆਂ ਜਥੇਬੰਦੀਆਂ, ਵੱਖ-ਵੱਖ ਪਾਰਟੀਆਂ ਦੇ ਆਗੂਆਂ ਅਤੇ ਸਮਾਜ ਸੇਵੀ ਸੰਸਥਾਵਾਂ ਨੇ ਆਪੋ-ਆਪਣੇ ਪੱਧਰ ‘ਤੇ ਪ੍ਰੋਗਰਾਮ ਉਲੀਕੇ ਹਨ।

ਅੰਮ੍ਰਿਤਸਰ ਦੇ ਵਾਲਮੀਕਿ ਤੀਰਥ, ਦੁਰਗਿਆਣਾ ਮੰਦਰ ਅਤੇ ਸ਼ਿਵਾਲਾ ਬਾਗ ਭਾਈਆਂ ਸਮੇਤ ਹੋਰ ਵੱਡੇ ਮੰਦਿਰਾਂ ਤੋਂ ਇਲਾਵਾ ਮਾਰਕੀਟ ਕਮੇਟੀਆਂ ਵੱਲੋਂ ਵੱਡੀਆਂ ਸਕਰੀਨਾਂ ਲਗਾਈਆਂ ਜਾ ਰਹੀਆਂ ਹਨ। ਇਨ੍ਹਾਂ ‘ਤੇ ਅਯੁੱਧਿਆ ‘ਚ ਹੋਣ ਵਾਲੇ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ। ਹਰ ਥਾਂ ਲੰਗਰ ਦਾ ਪ੍ਰਬੰਧ ਹੋਵੇਗਾ। ਰਾਤ ਨੂੰ ਦੁਰਗਿਆਣਾ ਮੰਦਿਰ ਅਤੇ ਸ਼ਿਵਾਲਾ ਬਾਗ ਭਾਈਆਂ ਵਿਖੇ ਦੀਵੇ ਜਗਾਏ ਜਾਣਗੇ। ਕਈ ਸਮਾਜਿਕ ਸੰਸਥਾਵਾਂ ਵੀ ਸ਼ਾਮ ਨੂੰ ਆਤਿਸ਼ਬਾਜ਼ੀ ਕਰਨ ਜਾ ਰਹੀਆਂ ਹਨ।

ਜਲੰਧਰ ਦੇ ਸ਼੍ਰੀ ਦੇਵੀ ਤਾਲਾਬ ਮੰਦਰ ‘ਚ 1 ਲੱਖ 21 ਹਜ਼ਾਰ ਦੀਵੇ ਜਗਾਏ ਜਾਣਗੇ। ਇਸ ਤੋਂ ਇਲਾਵਾ ਕਈ ਵੱਡੇ ਮੰਦਿਰਾਂ ਅਤੇ ਮਾਰਕੀਟ ਕਮੇਟੀਆਂ ਵੱਲੋਂ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ। ਲੁਧਿਆਣਾ ਦੇ 500 ਤੋਂ ਵੱਧ ਮੰਦਰਾਂ ਵਿੱਚ ਐਲਸੀਡੀ ਲਗਾ ਕੇ ਪ੍ਰਾਣ-ਪ੍ਰਤੀਸ਼ਥਾ ਪ੍ਰੋਗਰਾਮ ਨੂੰ ਲਾਈਵ ਦਿਖਾਇਆ ਜਾਵੇਗਾ। ਸ਼ਾਮ ਨੂੰ ਸ਼ਹਿਰ ਦੇ ਸਾਰੇ ਪ੍ਰਮੁੱਖ ਮੰਦਰਾਂ ਵਿੱਚ ਦੀਪਮਾਲਾ ਕੀਤੀ ਜਾਵੇਗੀ।