ਪੰਜਾਬ ਕੋਵਿਡ ਐਮਰਜੈਂਸੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ, ਲੋਕਾਂ ਨੂੰ ਡਰਨ ਦੀ ਕੋਈ ਲੋੜ ਨਹੀਂ – ਸਿਹਤ ਮੰਤਰੀ ਜੌੜਾਮਾਜਰਾ

0
1171

ਚੰਡੀਗੜ੍ਹ | ਚੀਨ ਅਤੇ ਵਿਸ਼ਵ ਦੇ ਹੋਰ ਹਿੱਸਿਆਂ ਵਿਚ ਵੱਧ ਰਹੇ ਕੋਵਿਡ ਕੇਸਾਂ ਦਰਮਿਆਨ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਜ਼ਿਲ੍ਹਾ ਹਸਪਤਾਲ ਮੋਹਾਲੀ ਵਿਖੇ ਕਰਵਾਈ ਗਈ ਮੌਕ ਡਰਿੱਲ ਦਾ ਜਾਇਜ਼ਾ ਲਿਆ। ਸਿਹਤ ਮੰਤਰੀ ਨੇ ਹਸਪਤਾਲ ਵਿਚ 120 ਬਿਸਤਰਿਆਂ ਵਾਲੇ ਵਿਸ਼ੇਸ਼ ਕੋਵਿਡ ਆਈਸੋਲੇਸ਼ਨ ਵਾਰਡ ਦਾ ਦੌਰਾ ਕੀਤਾ ਅਤੇ ਆਕਸੀਜਨ, ਵੈਂਟੀਲੇਟਰਾਂ, ਸਿਹਤ ਸਟਾਫ਼, ਕੋਵਿਡ ਟੀਕਾਕਰਨ ਸਮੇਤ ਜ਼ਰੂਰੀ ਦਵਾਈਆਂ ਅਤੇ ਹੋਰ ਕੋਵਿਡ ਸਹੂਲਤਾਂ ਦੀ ਉਪਲਬੱਧਤਾ ਬਾਰੇ ਜਾਣਕਾਰੀ ਲਈ।

ਉਨ੍ਹਾਂ ਨੇ ਆਈਸੋਲੇਸ਼ਨ ਵਾਰਡ ਵਿਚ ਸਫ਼ਾਈ ਦਾ ਵਿਸ਼ੇਸ਼ ਮੁਆਇਨਾ ਕੀਤਾ ਅਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕੋਵਿਡ ਦੇ ਮਰੀਜ਼ਾਂ ਨੂੰ ਬਿਹਤਰ ਅਤੇ ਮਿਆਰੀ ਸਹੂਲਤਾਂ ਪ੍ਰਦਾਨ ਕਰਨ ਵਿਚ ਕੋਈ ਕਸਰ ਬਾਕੀ ਨਾ ਛੱਡੀ ਜਾਵੇ। ਜ਼ਿਕਰਯੋਗ ਹੈ ਕਿ ਚੀਨ ਸਮੇਤ ਕੁਝ ਦੇਸ਼ਾਂ ‘ਚ ਕੋਵਿਡ ਪਾਜ਼ੀਟਿਵ ਮਾਮਲਿਆਂ ‘ਚ ਤੇਜ਼ੀ ਨਾਲ ਵਾਧੇ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ 27 ਦਸੰਬਰ ਨੂੰ ਰਾਜਾਂ ਨੂੰ ਸਿਹਤ ਸੰਸਥਾਵਾਂ ‘ਚ ਮੌਕ ਡਰਿੱਲ ਕਰਨ ਦੇ ਨਿਰਦੇਸ਼ ਦਿੱਤੇ ਸਨ।

ਇਸ ਉਪਰੰਤ ਗੱਲਬਾਤ ਕਰਦਿਆਂ ਜੌੜਾਮਾਜਰਾ ਨੇ ਕਿਹਾ ਕਿ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਸੂਬੇ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿਚ ਪੁਖਤਾ ਪ੍ਰਬੰਧ ਅਤੇ ਪੂਰੀ ਤਿਆਰੀ ਹੈ । ਉਨ੍ਹਾਂ ਕਿਹਾ ਕਿ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਸੂਬੇ ਵਿਚ ਕੋਵਿਡ ਦੇ ਕੁੱਲ 38 ਐਕਟਿਵ ਕੇਸ ਹਨ ਅਤੇ ਕੋਵਿਡ ਦੇ ਨਵੇਂ ਰੂਪ ਦਾ ਕੋਈ ਕੇਸ ਨਹੀਂ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਭਰ ਦੇ ਸਰਕਾਰੀ ਹਸਪਤਾਲਾਂ ਵਿਚ ਲਗਭਗ 15 ਹਜ਼ਾਰ ਬੈੱਡ ਤਿਆਰ ਹਨ।  

ਇਸ ਵਿਚ ਲੈਵਲ 3 ਦੇ 1000 ਬੈੱਡ ਅਤੇ 1000 ਦੇ ਕਰੀਬ ਵੈਂਟੀਲੇਟਰਾਂ ਦਾ ਪ੍ਰਬੰਧ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿਚ ਆਕਸੀਜਨ ਪਲਾਂਟ ਕਾਫੀ ਗਿਣਤੀ ਵਿਚ ਹਨ ਅਤੇ ਇਨ੍ਹਾਂ ਨੂੰ ਚਲਾ ਕੇ ਟੈਸਟ ਵੀ ਕੀਤਾ ਗਿਆ ਹੈ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਕੋਵਿਡ ਨਾਲ ਸਬੰਧਤ ਕੋਈ ਪਾਬੰਦੀਆਂ ਲਗਾਉਣ ਜਾਂ ਮਾਸਕ ਪਹਿਨਣ ਨੂੰ ਲਾਜ਼ਮੀ ਬਣਾਉਣ ਦੀ ਅਜੇ ਕੋਈ ਯੋਜਨਾ ਨਹੀਂ ਹੈ। ਵਰਤਮਾਨ ਵਿਚ, ਲੋਕਾਂ ਨੂੰ ਇਸ ਘਾਤਕ ਬੀਮਾਰੀ ਤੋਂ ਬਚਣ ਲਈ ਮਾਸਕ ਪਹਿਨਣ ਅਤੇ ਵਾਰ-ਵਾਰ ਹੱਥ ਧੋਣ ਦੀ ਸਲਾਹ ਦਿੱਤੀ ਜਾ ਰਹੀ ਹੈ।

ਇਸ ਮੌਕੇ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਡਾ. ਰਣਜੀਤ ਸਿੰਘ ਘੋਤੜਾ, ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ, ਮੈਡੀਕਲ ਕਾਲਜ ਪ੍ਰਿੰਸੀਪਲ ਡਾ. ਭਵਨੀਤ ਭਾਰਤੀ, ਐੱਸਐੱਮਓ ਡਾ. ਵਿਜੇ ਭਗਤ, ਕੋਵਿਡ ਨੋਡਲ ਅਫ਼ਸਰ ਡਾ. ਹਰਮਨਦੀਪ ਕੌਰ, ਡਾ. ਪਰਮਿੰਦਰ ਸਿੰਘ, ਡਾ. ਰਾਜਵੀਰ ਸਿੰਘ ਆਦਿ ਹਾਜ਼ਰ ਸਨ।