ਪੰਜਾਬ-ਹਰਿਆਣਾ ਦੇ ਕਿਸਾਨਾਂ ਨੇ 55 ਥਾਵਾਂ ‘ਤੇ ਰੋਕੀਆਂ ਰੇਲ ਗੱਡੀਆਂ, 100 ਤੋਂ ਵੱਧ ਟਰੇਨਾਂ ਹੋਣਗੀਆਂ ਪ੍ਰਭਾਵਿਤ

0
51020

ਚੰਡੀਗੜ੍ਹ/ਲੁਧਿਆਣਾ/ਜਲੰਧਰ, 10 ਮਾਰਚ | ਹਰਿਆਣਾ ਦੇ ਸ਼ੰਭੂ ਅਤੇ ਖਨੌਰੀ ਬਾਰਡਰ ‘ਤੇ 27 ਦਿਨਾਂ ਤੋਂ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਪੰਜਾਬ ਅਤੇ ਹਰਿਆਣਾ ‘ਚ ਰੇਲਾਂ ਰੋਕ ਦਿੱਤੀਆਂ ਹਨ। ਪੰਜਾਬ ‘ਚ 22 ਜ਼ਿਲ੍ਹਿਆਂ ‘ਚ 52 ਥਾਵਾਂ ’ਤੇ ਕਿਸਾਨ ਪਟੜੀਆਂ ’ਤੇ ਬੈਠ ਗਏ ਹਨ, ਜਦਕਿ ਹਰਿਆਣਾ ‘ਚ ਸਿਰਸਾ ਸਮੇਤ 3 ਥਾਵਾਂ ‘ਤੇ ਰੇਲਵੇ ਟਰੈਕ ਜਾਮ ਕੀਤੇ ਗਏ ਹਨ। ਇਹ ਪ੍ਰਦਰਸ਼ਨ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਚੱਲੇਗਾ। ਕਿਸਾਨ ਮਜ਼ਦੂਰ ਮੋਰਚਾ ਦੇ ਕੋਆਰਡੀਨੇਟਰ ਸਰਵਣ ਸਿੰਘ ਪੰਧੇਰ ਨੇ ਉੱਤਰੀ ਭਾਰਤ ਦੇ 30 ਜ਼ਿਲ੍ਹਿਆਂ ‘ਚ ਰੇਲ ਗੱਡੀਆਂ ਰੋਕਣ ਦਾ ਸੱਦਾ ਦਿੱਤਾ ਸੀ।

ਰੇਲਵੇ ਦਾ ਕਹਿਣਾ ਹੈ ਕਿ ਕਿਸਾਨਾਂ ਨੇ ਅੰਬਾਲਾ ਡਿਵੀਜ਼ਨ ‘ਚ ਟ੍ਰੈਕ ਜਾਮ ਕਰਨ ਲਈ 21 ਥਾਵਾਂ ਦੀ ਚੋਣ ਕੀਤੀ ਹੈ, ਜਿਸ ਕਾਰਨ ਕਰੀਬ 100 ਟਰੇਨਾਂ ਪ੍ਰਭਾਵਿਤ ਹੋ ਸਕਦੀਆਂ ਹਨ। ਇਸ ਦੇ ਨਾਲ ਹੀ ਆਰਪੀਐਫ ਨੇ ਰੇਲ ਰੋਕੋ ਅੰਦੋਲਨ ‘ਚ ਹਿੱਸਾ ਲੈਣ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨ ਦੀ ਚਿਤਾਵਨੀ ਦਿੱਤੀ ਹੈ। ਕਿਸਾਨਾਂ ਦੇ ਰੇਲ ਰੋਕੋ ਅੰਦੋਲਨ ਤੋਂ ਪਹਿਲਾਂ ਪੁਲਿਸ ਨੇ ਵੀ ਸਖ਼ਤ ਕਾਰਵਾਈ ਸ਼ੁਰੂ ਕਰ ਦਿੱਤੀ ਸੀ।

ਅੰਬਾਲਾ ਪੁਲਿਸ ਨੇ ਅੰਦੋਲਨ ਸਬੰਧੀ ਦਰਜ ਕੇਸ ‘ਚ ਕਈ ਕਿਸਾਨ ਆਗੂਆਂ ਦੇ ਘਰਾਂ ’ਤੇ ਛਾਪੇਮਾਰੀ ਕਰ ਕੇ ਪੁੱਛਗਿੱਛ ਲਈ ਬੁਲਾਇਆ ਹੈ। ਹਾਜ਼ਰ ਨਾ ਹੋਣ ‘ਤੇ ਕਾਰਵਾਈ ਦੀ ਚਿਤਾਵਨੀ ਦਿੱਤੀ ਗਈ। ਹਾਲਾਂਕਿ ਅੰਬਾਲਾ ‘ਚ ਰੇਲ ਰੋਕਣ ਲਈ ਕਿਸਾਨ ਨਹੀਂ ਆਏ।

ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚਾ (SKM) ਨੇ 14 ਮਾਰਚ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ‘ਚ ਮਹਾਪੰਚਾਇਤ ਦਾ ਆਯੋਜਨ ਕੀਤਾ ਹੈ। ਇਸ ਦਾ ਨਾਂ ਕਿਸਾਨ-ਮਜ਼ਦੂਰ ਮਹਾਪੰਚਾਇਤ ਰੱਖਿਆ ਗਿਆ ਹੈ।