ਮੁੱਖ ਮੰਤਰੀ ਕਲ ਕਰਨਗੇ ਨੌਜਵਾਨਾਂ ਲਈ Smart Phone ਸਕੀਮ ਦਾ ਆਗਾਜ਼

0
19309

ਚੰਡੀਗੜ. ਪੰਜਾਬ ਸਰਕਾਰ ਵੱਲੋਂ 12 ਅਗਸਤ ਨੂੰ ਨੌਜਵਾਨਾਂ ਨੂੰ ਸਮਾਰਟ ਫੋਨ ਵੰਡਣ ਦੀ ਸਕੀਮ ਦਾ ਆਗਾਜ਼ ਕੀਤਾ ਜਾਵੇਗਾ। ਇਹ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਆਲਾ ਦਰਜੇ ਦੇ ਸਮਾਰਟ ਫੋਨ ਮੁਹੱਈਆ ਕਰਵਾ ਕੇ ਸੂਬੇ ਦੇ ਲੋਕਾਂ ਖਾਸ ਕਰਕੇ ਨੌਜਵਾਨਾਂ ਨਾਲ ਆਪਣਾ ਚੋਣ ਵਾਅਦਾ ਪੂਰਾ ਕਰੇਗੀ।

ਮੁੱਖ ਮੰਤਰੀ ਨੇ ਕਿਹਾ ਕੋਵਿਡ-19 ਦੇ ਸੰਕਟਕਾਲੀਨ ਸਮੇਂ ਵਿੱਚ ਕੁਝ ਨੌਜਵਾਨਾਂ ਨੂੰ ਆਨਲਾਈਨ ਸਿੱਖਿਆ ਸਮਗੱਰੀ ਹਾਸਲ ਕਰਨ ਵਿੱਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਫੋਨ ਨੌਜਵਾਨਾਂ ਨੂੰ ਵੈੱਬਸਾਈਟ ’ਤੇ ਮੌਜੂਦ ਸੂਚਨਾ ਤੱਕ ਪਹੁੰਚ ਕਰਨ ਦੇ ਨਾਲ-ਨਾਲ ਸਕੂਲ ਸਿੱਖਿਆ ਵਿਭਾਗ ਦੀ ਹੋਰ ਪੜਨਯੋਗ ਸਮੱਗਰੀ ਹਾਸਲ ਵਿੱਚ ਬਹੁਤ ਸਹਾਈ ਹੋਣਗੇ।

ਕੈਪਟਨ ਅਮਰਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਸਰਕਾਰ ਨੇ ਜਨਮ ਅਸ਼ਟਮੀ ਦਾ ਪਾਵਨ ਦਿਹਾੜਾ ਇਸ ਸਕੀਮ ਨੂੰ ਲਾਂਚ ਕਰਨ ਲਈ ਚੁਣਿਆ ਹੈ। ਉਨਾਂ ਕਿਹਾ ਕਿ ਇਤਫਾਕਵੱਸ, ਕੌਮਾਂਤਰੀ ਯੁਵਾ ਦਿਵਸ ਵੀ 12 ਅਗਸਤ ਨੂੰ ਹੀ ਹੈ।

ਸਕੀਮ ਦੀ ਸ਼ੁਰੂਆਤ ਕਰਨ ਲਈ ਵੱਡੇ ਇਕੱਠ ਤੋਂ ਗੁਰੇਜ਼ ਕਰਨ ਲਈ ਇਸ ਸਕੀਮ ਨੂੰ ਚੰਡੀਗੜ ਅਤੇ ਪੰਜਾਬ ਵਿੱਚ 26 ਵੱਖ-ਵੱਖ ਥਾਵਾਂ ਤੋਂ ਲਾਂਚ ਕੀਤਾ ਜਾਵੇਗਾ। ਇਸ ਦਿਨ ਸਾਰੇ ਜ਼ਿਲੇ ਹੈੱਡਕੁਆਰਟਰ ਅਤੇ ਕੁਝ ਪ੍ਰਮੁੱਖ ਸ਼ਹਿਰ ਸਕੀਮ ਦੀ ਸ਼ੁਰੂਆਤੀ ਰਸਮ ਦੇ ਘੇਰੇ ਵਿੱਚ ਆਉਣਗੇ। ਹਰੇਕ ਥਾਂ ’ਤੇ ਸਬੰਧਤ ਸ਼ਹਿਰ/ਜ਼ਿਲੇ ਦੇ 15 ਵਿਦਿਆਰਥੀਆਂ ਤੱਕ ਨੂੰ ਹੀ ਬੁਲਾ ਕੇ ਸਮਾਰਟ ਫੋਨ ਸੌਂਪੇ ਜਾਣਗੇ।

ਜ਼ਿਕਰਯੋਗ ਹੈ ਕਿ ਸੂਬਾ ਸਰਕਾਰ ਨੇ 50,000 ਸਮਾਰਟ ਫੋਨਾਂ ਦੀ ਪਹਿਲੀ ਖੇਪ ਹਾਸਲ ਕਰ ਲਈ ਹੈ ਅਤੇ ਬਾਕੀ ਵੀ ਅਮਲ ਅਧੀਨ ਹਨ। ਹਾਲ ਹੀ ਵਿੱਚ ਮੰਤਰੀ ਮੰਡਲ ਨੇ ਪਹਿਲੇ ਪੜਾਅ ਵਿੱਚ ਸੂਬੇ ਦੇ ਸਰਕਾਰੀ ਸਕੂਲਾਂ ਦੇ 12ਵੀਂ ਜਮਾਤ ਦੇ ਸਾਰੇ ਲੜਕੇ ਤੇ ਲੜਕੀਆਂ ਨੂੰ ਸਮਾਰਟ ਫੋਨ ਦੇਣ ਦਾ ਫੈਸਲਾ ਕੀਤਾ ਹੈ। ਇਸ ਪੜਾਅ ਵਿੱਚ 1.75 ਲੱਖ ਫੋਨ ਦਿੱਤੇ ਜਾਣੇ ਹਨ।

ਮੁੱਖ ਮੰਤਰੀ ਨੇ ਨੌਜਵਾਨਾਂ ਦੀ ਬਿਹਤਰੀ ਲਈ ਆਪਣੇ ਸੰਕਲਪ ਨੂੰ ਦੁਹਰਾਇਆ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਘਰ-ਘਰ ਰੋਜ਼ਗਾਰ ਤੇ ਕਾਰੋਬਾਰ ਸਕੀਮ ਵਾਂਗ ਇਹ ਸਕੀਮ ਵੀ ਨੌਜਵਾਨਾਂ ਲਈ ਕਾਰਗਰ ਸਿੱਧ ਹੋਵੇਗੀ।