ਕਿਸਾਨਾਂ ਨੇ ਚੱਕਾ ਜਾਮ ਕਰਕੇ ਕੀਤੀਆਂ ਰੇਲਾਂ ਜਾਮ, ਭਲਕੇ ਪੰਜਾਬ ਬੰਦ ਦਾ ਐਲਾਨ

0
2713

ਅੰਮ੍ਰਿਤਸਰ . ਪੰਜਾਬ ‘ਚ ਅੱਜ ਕਿਸਾਨਾਂ ਵੱਲੋਂ ਖੇਤੀ ਬਿੱਲ ਦੇ ਵਿਰੋਧ ‘ਚ ਰੇਲ ਰੋਕੋ ਅੰਦੋਲਨ ਚਲਾਇਆ ਜਾਣਾ ਹੈ। ਰੇਲਵੇ ਵਿਭਾਗ ਨੇ ਅੰਮ੍ਰਿਤਸਰ ਵਿਖੇ ਅੰਦੋਲਨ ਤੋਂ ਪਹਿਲਾਂ ਹੀ ਸਾਰੀਆਂ ਟ੍ਰੇਨਾਂ ਰੱਦ ਕਰ ਦਿੱਤੀਆਂ ਹਨ। ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਚੱਲਣ ਵਾਲੀਆਂ ਸਾਰੀਆਂ ਟ੍ਰੇਨਾਂ ਅਗਲੇ ਤਿੰਨ ਦਿਨਾਂ ਲਈ ਰੇਲਵੇ ਪ੍ਰਸ਼ਾਸਨ ਨੇ ਰੱਦ ਕਰ ਦਿੱਤੀਆਂ ਹਨ। ਕਿਸਾਨਾਂ ਦੇ ਧਰਨੇ ਦੇ ਮੱਦੇਨਜ਼ਰ ਰੇਲਵੇ ਪ੍ਰਸ਼ਾਸਨ ਨੇ ਇਹ ਫੈਸਲਾ ਲਿਆ ਹੈ।

ਇਸ ਕਾਰਨ ਰੇਲਵੇ ਦੇ ਸਫਰ ਕਰਨ ਵਾਲੇ ਮੁਸਾਫਰਾਂ ਨੂੰ ਅਗਲੇ ਤਿੰਨ ਦਿਨ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਿਸਾਨ ਜਥੇਬੰਦੀਆਂ ਨੇ ਕੇਂਦਰ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਖੇਤੀ ਬਿੱਲਾਂ ਖਿਲਾਫ ਪਿਛਲੇ ਕਈ ਹਫਤਿਆਂ ਤੋਂ ਸੰਘਰਸ਼ ਸ਼ੁਰੂ ਕੀਤਾ ਹੈ। ਇਸ ਦੇ ਪੜਾਅ ਤਹਿਤ ਪਹਿਲਾਂ ਜੀਟੀ ਰੋਡ ‘ਤੇ ਚੱਕਾ ਜਾਮ ਕੀਤਾ ਗਿਆ ਸੀ।

ਹੁਣ ਰੇਲਵੇ ਟ੍ਰੈਕ ਨੂੰ ਰੋਕਣ ਦਾ ਫੈਸਲਾ ਲਿਆ ਗਿਆ ਹੈ। ਰੇਲਵੇ ਟ੍ਰੈਕ ਨੂੰ ਰੋਕਣ ਲਈ ਜਥੇਬੰਦੀਆਂ ਅੰਮ੍ਰਿਤਸਰ ਜ਼ਿਲ੍ਹੇ ਦੇ ਜੰਡਿਆਲਾ ਗੁਰੂ ਨਜ਼ਦੀਕ ਦੇਵੀਦਾਸਪੁਰਾ ਪਿੰਡ ਨੇੜੇ ਟ੍ਰੈਕ ਰੋਕਣਗੇ। ਇਸ ਤੋਂ ਪਹਿਲਾਂ ਹੀ ਰੇਲਵੇ ਪ੍ਰਸ਼ਾਸਨ ਨੇ ਚੌਕਸ ਹੁੰਦਿਆਂ 24 ਤੋਂ 26 ਸਤੰਬਰ ਤੱਕ ਸਾਰੀਆਂ ਹੀ ਟ੍ਰੇਨਾਂ ਰੱਦ ਕਰਨ ਦਾ ਫੈ਼ਸਲਾ ਲਿਆ।

ਰੇਲਵੇ ਸਟੇਸ਼ਨ ਅੰਮ੍ਰਿਤਸਰ ਦੇ ਡੀਓਐਮ ਏਕੇ ਸਲਾਰੀਆ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਉੱਚ ਅਧਿਕਾਰੀਆਂ ਦੇ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਹੀ ਡੀਆਰਐਮ ਫਿਰੋਜ਼ਪੁਰ ਨੇ ਇਹ ਫੈਸਲਾ ਲਿਆ ਹੈ ਜਿਸ ਤਹਿਤ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ‘ਤੇ ਆਉਣ ਜਾਣ ਵਾਲੀਆਂ ਟ੍ਰੇਨਾਂ ਦੀ ਆਵਾਜਾਈ ਬੰਦ ਰਹੇਗੀ।