Punjab Budget 2023 : ਪੰਜਾਬ ਸਰਕਾਰ ਜਲਦੀ ਹੀ ਸ਼ੁਰੂ ਕਰੇਗੀ 142 ਨਵੇਂ ਆਮ ਆਦਮੀ ਕਲੀਨਿਕ

0
141

Punjab Budget 2023 : ਪੰਜਾਬ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਆਪਣੀ ਸਰਕਾਰ ਦਾ ਦੂਜਾ ਬਜਟ ਪੇਸ਼ ਕੀਤਾ ਹੈ। ਵਿੱਤ ਮੰਤਰੀ ਨੇ ਸਾਲ 2023-24 ਲਈ 1 ਲੱਖ 96 ਹਜ਼ਾਰ 462 ਕਰੋੜ ਰੁਪਏ ਦਾ ਬਜਟ ਰੱਖਿਆ, ਜੋ ਪਿਛਲੇ ਸਾਲ ਨਾਲੋਂ ਕਰੀਬ 26 ਫੀਸਦੀ ਵੱਧ ਹੈ। ਇਸ ਤੋਂ ਪਹਿਲਾਂ ਸਾਲ 2022-23 ਲਈ ਜੋ ਬਜਟ ਪੇਸ਼ ਕੀਤਾ ਗਿਆ ਸੀ, ਉਹ ਇਕ ਲੱਖ 55 ਹਜ਼ਾਰ 860 ਕਰੋੜ ਰੁਪਏ ਦਾ ਸੀ।

ਵਿੱਤ ਮੰਤਰੀ ਚੀਮਾ ਨੇ ਜਲਦੀ ਹੀ 142 ਆਮ ਆਦਮੀ ਕਲੀਨਿਕ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ ਆਪ ਸਰਕਾਰ ਨੇ 500 ਆਮ ਆਦਮੀ ਕਲੀਨਿਕ ਖੋਲ੍ਹੇ ਸਨ। ਉਨ੍ਹਾਂ ਬਜਟ ਦੌਰਾਨ ਦੱਸਿਆ ਕਿ ਹੁਣ ਤੱਕ 10 ਲੱਖ ਮਰੀਜ਼ ਆਮ ਆਦਮੀ ਕਲੀਨਿਕ ਤੋਂ ਲਾਭ ਉਠਾ ਚੁੱਕੇ ਹਨ।

ਹੁਸ਼ਿਆਰਪੁਰ ਤੇ ਕਪੂਰਥਲਾ ਵਿਚ ਦੋ ਨਵੇਂ ਮੈਡੀਕਲ ਕਾਲਜ ਖ਼ੋਲ੍ਹੇ ਜਾ ਰਹੇ ਹਨ। ਇਨ੍ਹਾਂ ਦੋਵਾਂ ਕਾਲਜਾਂ ਵਿਚ 100-100 ਐਮ.ਬੀ.ਬੀ.ਐਸ. ਸਰਕਾਰੀ ਸੀਟਾਂ ਅਤੇ ਦੋਵਾਂ ਮੈਡੀਕਲ ਕਾਲਜਾਂ ਲਈ ਕ੍ਰਮਵਾਰ 422 ਤੇ 412 ਕਰੋੜ ਰੁਪਏ ਰੱਖੇ ਗਏ ਹਨ। ਆਮ ਆਦਮੀ ਕਲੀਨਿਕਾਂ ਲਈ ਬਜਟ ਵਿਚ ਕੁਝ ਨਹੀਂ ਹੈ। ਸਿਹਤ ਕੇਂਦਰਾਂ ਦੀ ਮਜ਼ਬੂਤੀ ਲਈ 39 ਕਰੋੜ ਰੁਪਏ ਰੱਖੇ ਗਏ ਹਨ ਅਤੇ ਹੋਮੀ ਭਾਭਾ ਕੈਂਸਰ ਸੈਂਟਰ ਲਈ 17 ਕਰੋੜ ਰੁਪਏ ਰੱਖੇ ਗਏ ਹਨ। 

ਦੱਸ ਦੇਈਏ ਕਿ ਪੰਜਾਬ ਸਰਕਾਰ ਦੇ ਬਜਟ ਵਿੱਚ ਪਹਿਲੀ ਵਾਰ ਸਰਹੱਦੀ ਖੇਤਰ ਲਈ 40 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਪੰਜਾਬ ਸਰਕਾਰ ਨੇ ਮਾਲ ਸੇਵਾਵਾਂ ਵਿੱਚ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਲਈ ਮਾਲ ਵਿਭਾਗ ਨੂੰ 1834 ਕਰੋੜ ਰੁਪਏ ਜਾਰੀ ਕਰਨ ਦਾ ਬਜਟ ਉਪਬੰਧ ਰੱਖਿਆ ਹੈ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਸੂਬੇ ਦੀਆਂ ਉਦਯੋਗਿਕ ਇਕਾਈਆਂ ਨੂੰ ਸਬਸਿਡੀ ਵਾਲੀ ਬਿਜਲੀ ਦੇਣ ਲਈ 2700 ਕਰੋੜ ਰੁਪਏ ਜਾਰੀ ਕਰਨ ਦਾ ਐਲਾਨ ਕੀਤਾ ਹੈ।  ਪੰਜਾਬ ਸਰਕਾਰ ਨੇ ਆਪਣੇ ਪਹਿਲੇ ਸਾਲ ਵਿੱਚ 26,797 ਨੌਜਵਾਨਾਂ ਨੂੰ ਪੱਕੀ ਨੌਕਰੀਆਂ ਦਿੱਤੀਆਂ ਹਨ। 22,594 ਅਸਾਮੀਆਂ ਨੂੰ ਭਰਨ ਲਈ ਲੋੜੀਂਦੀ ਪ੍ਰਕਿਰਿਆ ਚੱਲ ਰਹੀ ਹੈ। ਪੰਜਾਬ ਸਰਕਾਰ ਦਾ ਦਾਅਵਾ ਹੈ ਕਿ ਪਿਛਲੇ 11 ਮਹੀਨਿਆਂ ਵਿੱਚ 41,043 ਕਰੋੜ ਰੁਪਏ ਦੇ 2,295 ਨਿਵੇਸ਼ ਪ੍ਰਸਤਾਵ ਪ੍ਰਾਪਤ ਹੋਏ ਹਨ, ਜਿਸ ਨਾਲ ਲਗਭਗ 2.5 ਲੱਖ ਲੋਕਾਂ ਲਈ ਰੁਜ਼ਗਾਰ ਦੇ ਮੌਕੇ ਖੁੱਲ੍ਹੇ ਹਨ।