ਪੰਜਾਬ ਭਾਜਪਾ ਦੀ ਲੀਡਰਸ਼ਿਪ ਪੁੱਜੀ ਸ੍ਰੀ ਦਰਬਾਰ ਸਾਹਿਬ, ਪੰਜਾਬ ‘ਚ ਅਮਨ-ਸ਼ਾਂਤੀ ਲਈ ਕੀਤੀ ਅਰਦਾਸ

0
3286

ਅੰਮ੍ਰਿਤਸਰ, 19 ਜੁਲਾਈ। ਭਾਰਤੀ ਜਨਤਾ ਪਾਰਟੀ ਦੀ ਪੰਜਾਬ ਲੀਡਰਸ਼ਿਪ ਨੇ ਅੱਜ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋ ਕੇ ਪੰਜਾਬ ‘ਚ ਅਮਨ-ਸ਼ਾਂਤੀ, ਭਾਈਚਾਰੇ ਤੇ ਚੜ੍ਹਦੀ ਕਲਾ ਦੀ ਅਰਦਾਸ ਕੀਤੀ। ਭਾਜਪਾ ਦੇ ਕਾਰਜਕਾਰੀ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਤੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਆਪਣੇ ਸਾਥੀਆਂ ਸਮੇਤ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ।

ਇਸ ਮੌਕੇ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਅਸੀਂ ਇੱਥੇ ਕਿਸੇ ਨੇਤਾ ਜਾਂ ਪਾਰਟੀ ਦੇ ਰੂਪ ਵਿਚ ਨਹੀਂ, ਸਿਰਫ ਨਾਨਕ ਨਾਮਲੇਵਾ ਸੰਗਤ ਵਜੋਂ ਆਏ ਹਾਂ। ਗੁਰੂ ਘਰ ‘ਚ ਨਤਮਸਤਕ ਹੋ ਕੇ ਅਸੀਂ ਪ੍ਰਾਰਥਨਾ ਕੀਤੀ ਕਿ ਪੰਜਾਬ ‘ਚ ਅਮਨ-ਸ਼ਾਂਤੀ ਤੇ ਭਾਈਚਾਰਾ ਕਾਇਮ ਰਹੇ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਪੰਜਾਬ ਦੀ ਸੁਰੱਖਿਆ ਨੂੰ ਲੈ ਕੇ ਸੰਵੇਦਨਸ਼ੀਲ ਹੈ ਤੇ ਜਦੋਂ ਵੀ ਜ਼ਰੂਰਤ ਪਈ ਕੇਂਦਰ ਨੇ ਤੁਰੰਤ ਕਾਰਵਾਈ ਕੀਤੀ। ਅਸ਼ਵਨੀ ਸ਼ਰਮਾ ਨੇ ਪੰਜਾਬ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਗੁਰੂ ਘਰ ਨੂੰ ਮਿਲ ਰਹੀਆਂ ਧਮਕੀਆਂ ਨੂੰ ਭਗਵੰਤ ਮਾਨ ਸਰਕਾਰ ਨੇ ਗੰਭੀਰਤਾ ਨਾਲ ਨਹੀਂ ਲਿਆ।

ਉਨ੍ਹਾਂ ਕਿਹਾ ਕਿ ਸਰਕਾਰ 3 ਦਿਨ ਬਾਅਦ ਜਾਗੀ ਤੇ ਫਿਰ ਕਾਰਵਾਈ ਸ਼ੁਰੂ ਕੀਤੀ, ਜਿਸ ਨਾਲ ਇਹ ਸਾਫ਼ ਹੈ ਕਿ ਸੂਬਾ ਸਰਕਾਰ ਮਦਹੋਸ਼ੀ ‘ਚ ਹੈ। ਅਸ਼ਵਨੀ ਨੇ ਕਿਹਾ ਕਿ ਇਹ ਕੋਈ ਅਹੰਕਾਰ ਦਾ ਮਾਮਲਾ ਨਹੀਂ, ਸੂਬਾ ਸਰਕਾਰ ਨੂੰ ਚਾਹੀਦਾ ਕਿ ਕੇਂਦਰ ਨਾਲ ਮਿਲ ਕੇ ਗੁਰੂ ਘਰ ਦੀ ਸੁਰੱਖਿਆ ਸੁਨਿਸ਼ਚਿਤ ਕਰੇ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਗ੍ਰਹਿ ਮੰਤਰੀ ਦੇ ਸੁਨੇਹੇ ਤੋਂ ਬਾਅਦ ਉਨ੍ਹਾਂ ਵਿਸ਼ੇਸ਼ ਤੌਰ ‘ਤੇ ਸਾਥੀਆਂ ਨਾਲ ਆ ਕੇ ਦਰਬਾਰ ਸਾਹਿਬ ਵਿਖੇ ਹਾਲਾਤ ਵੇਖੇ। ਉਨ੍ਹਾਂ ਆਖਿਆ ਕਿ 5 ਦਿਨਾਂ ‘ਚ ਜਦੋਂ ਧਮਕੀ ਦੀ ਘਟਨਾ ਵਾਪਰੀ। ਮੁੱਖ ਮੰਤਰੀ ਨੂੰ ਪਹਿਲੇ ਦਿਨ ਹੀ ਇੱਥੇ ਆ ਜਾਣਾ ਚਾਹੀਦਾ ਸੀ ਪਰ ਉਨ੍ਹਾਂ ਨੂੰ ਚਾਰ-ਪੰਜ ਦਿਨ ਲੱਗ ਗਏ।

ਦੂਜੇ ਪਾਸੇ ਤਰੁਣ ਚੁੱਘ ਨੇ ਭਗਵੰਤ ਮਾਨ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਹ ਸਿਰਫ਼ ਫਿਲਮੀ ਡਰਾਮਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕੱਲ੍ਹ ਵੀ ਸਰਕਾਰ ਨੇ ਕਿਹਾ ਕਿ ਸਭ ਕੁਝ ਹੋ ਗਿਆ, ਫਿਰ ਵੀ ਮੇਲ ਆਈ ਤੇ ਅੱਜ ਵੀ ਧਮਕੀ ਭਰੀ ਮੇਲ ਆਈ। ਇਹ ਗੰਭੀਰ ਮਾਮਲਾ ਹੈ ਪਰ ਮੁੱਖ ਮੰਤਰੀ ਤੇ ਸਰਕਾਰ ਇਸ ਨੂੰ ਬਹੁਤ ਹਲਕੇ ‘ਚ ਲੈ ਰਹੀ ਹੈ। ਚੁੱਘ ਨੇ ਕਿਹਾ ਕਿ ਇਹ ਅਹੰਕਾਰ ਨਹੀਂ ਚੱਲਣਾ ਚਾਹੀਦਾ, ਜਦੋਂ ਪੂਰੀ ਦੁਨੀਆ ਤੋਂ ਲੋਕ ਗੁਰੂ ਘਰ ਆ ਕੇ ਸਿਰ ਨਿਵਾਉਂਦੇ ਹਨ ਤਾਂ ਇਸ ਸਬੰਧੀ ਆਈ ਧਮਕੀ ‘ਤੇ ਸੂਬਾ ਸਰਕਾਰ ਨੂੰ ਕੇਂਦਰ ਨਾਲ ਮਿਲ ਕੇ ਜ਼ਿੰਮੇਵਾਰੀ ਨਾਲ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੂੰ ਸਹਾਇਤਾ ਦੀ ਲੋੜ ਹੋਵੇ ਤਾਂ ਭਾਜਪਾ ਸਦਾ ਉਨ੍ਹਾਂ ਨਾਲ ਖੜ੍ਹੀ ਹੈ।