ਜਲੰਧਰ, 7 ਦਸੰਬਰ | ‘ਪੰਜਾਬ ਬਚਾਓ ਮੋਰਚਾ’ ਦੇ ਸੰਚਾਲਕ ਤੇਜਸਵੀ ਮਿਨਹਾਸ ਨੂੰ ਪੰਜਾਬ ਪੁਲਿਸ ਨੇ ਐਤਵਾਰ ਸਵੇਰੇ ਗ੍ਰਿਫ਼ਤਾਰ ਕਰ ਲਿਆ ਹੈ।
ਦਰਅਸਲ, ਬੀਤੇ ਦਿਨੀਂ ਤੇਜਸਵੀ ਮਿਨਹਾਸ ਨੇ ਧਰਮ ਪਰਿਵਰਤਨ ਵਿਰੋਧੀ ਮੁਹਿੰਮ ਸ਼ੁਰੂ ਕਰਦਿਆਂ ਈ.ਡੀ. ਦਫ਼ਤਰ ਜਲੰਧਰ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ ਸੀ। ਉਨ੍ਹਾਂ ਨੇ ਈਸਾਈ ਮਿਸ਼ਨਰੀਆਂ ’ਤੇ ਵਿਦੇਸ਼ੀ ਫੰਡਿੰਗ ਰਾਹੀਂ ਗੈਰ-ਕਾਨੂੰਨੀ ਧਰਮ ਪਰਿਵਰਤਨ ਕਰਵਾਉਣ ਦੇ ਦੋਸ਼ ਲਗਾਏ ਸਨ। ਇਸੇ ਦੌਰਾਨ ਉਨ੍ਹਾਂ ਵੱਲੋਂ ਪੰਜਾਬ ਦੇ ਮਸ਼ਹੂਰ ਪਾਸਟਰਾਂ ਅਤੇ ਕ੍ਰਿਸ਼ਚੀਅਨ ਭਾਈਚਾਰੇ ਦੇ ਕੁਝ ਲੋਕਾਂ ਖ਼ਿਲਾਫ਼ ਵੀ ਬਹੁਤ ਸਖ਼ਤ ਬਿਆਨਬਾਜ਼ੀ ਕੀਤੀ ਸੀ, ਜਿਸ ਨੂੰ ਲੈ ਕੇ ਕ੍ਰਿਸ਼ਚੀਅਨ ਭਾਈਚਾਰੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਸੂਤਰਾਂ ਮੁਤਾਬਕ ਤੇਜਸਵੀ ਮਿਨਹਾਸ ਖ਼ਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ, ਨਫ਼ਰਤ ਭਰੀ ਬੋਲੀ ਅਤੇ ਸਮਾਜਿਕ ਸਦਭਾਵਨਾ ਨੂੰ ਖ਼ਰਾਬ ਕਰਨ ਦੇ ਦੋਸ਼ਾਂ ਤਹਿਤ ਐਫ.ਆਈ.ਆਰ. ਦਰਜ ਕੀਤੀ ਗਈ ਹੈ। ਇਸੇ ਬਿਨਾਂ ’ਤੇ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ।
ਫ਼ਿਲਹਾਲ ਪੁਲਿਸ ਤੇਜਸਵੀ ਮਿਨਹਾਸ ਦਾ ਮੈਡੀਕਲ ਕਰਵਾਇਆ ਹੈ ਅਤੇ ਅਦਾਲਤ ਵਿੱਚ ਪੇਸ਼ ਕਰਨ ਦੀ ਤਿਆਰੀ ਕਰ ਰਹੀ ਹੈ।








































