ਪਟਿਆਲਾ ਪੀਐਸਪੀਸੀਐਲ ਦੇ ਸੀਐਮਡੀ ਸ਼੍ਰੀ ਏ. ਵੇਨੂੰ ਪ੍ਰਸਾਦ ਨੇ ਖੁਲਾਸਾ ਕੀਤਾ ਕਿ ਕੋਲੇ ਦੀ ਕਮੀ ਦੇ ਬਾਵਜੂਦ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ 12 ਅਕਤੂਬਰ ਨੂੰ ਪੰਜਾਬ ਵਿੱਚ 9352 ਮੈਗਾਵਾਟ ਬਿਜਲੀ ਦੀ ਸਪਲਾਈ ਕੀਤੀ ਹੈ। ਸੀਐਮਡੀ ਨੇ ਕਿਹਾ ਕਿ ਪੀਐਸਪੀਸੀਐਲ ਨੇ 13 ਅਕਤੂਬਰ ਨੂੰ 10.55 ਰੁਪਏ ਪ੍ਰਤੀ ਯੂਨਿਟ ਦੀ ਦਰ ਨਾਲ ਪਾਵਰ ਐਕਸਚੇਂਜ ਤੋਂ ਲਗਭਗ 1800 ਮੈਗਾਵਾਟ ਬਿਜਲੀ ਖਰੀਦੀ ਹੈ।
ਕੋਲੇ ਦੇ ਭੰਡਾਰ ਦੀ ਸਥਿਤੀ ਬਾਰੇ ਵੇਰਵੇ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਥਿਤ ਸਾਰੇ ਤਾਪ ਬਿਜਲੀ ਘਰਾਂ ਵਿੱਚ ਕੋਲਾ ਸਟਾਕ ਦੀ ਸਥਿਤੀ ਅਜੇ ਵੀ ਨਾਜ਼ੁਕ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਪੰਜਾਬ ਦੇ ਸਾਰੇ ਪ੍ਰਾਈਵੇਟ ਅਤੇ ਸਰਕਾਰੀ ਮਾਲਕੀ ਵਾਲੇ ਕੋਲਾ ਅਧਾਰਤ ਪਲਾਂਟਾਂ ਵਿੱਚ ਲਗਭਗ 2 ਦਿਨਾਂ ਦਾ ਕੋਲਾ ਭੰਡਾਰ ਹੈ। ਉਨ੍ਹਾਂ ਦੱਸਿਆ ਕਿ 12 ਅਕਤੂਬਰ, 2021 ਨੂੰ ਕੁੱਲ ਕੋਲੇ ਦੇ 22 ਰੈਕਾਂ ਦੀ ਲੋੜ ਦੇ ਮੁਕਾਬਲੇ 13 ਕੋਲਾ ਰੈਕ ਪ੍ਰਾਪਤ ਹੋਏ ਸਨ । ਉਨ੍ਹਾਂ ਕਿਹਾ ਕਿ ਹਾਲਾਂਕਿ ਕੋਲਾ ਰੈਕ ਦੀ ਸਪਲਾਈ ਘੱਟ ਹੈ, ਪਰ ਫਿਰ ਵੀ ਸਪਲਾਈ ਦੀ ਇਕਸਾਰਤਾ ਬਣਾਈ ਰੱਖੀ ਜਾ ਰਹੀ ਹੈ। ਸੀਐਮਡੀ ਨੇ ਕਿਹਾ ਕਿ ਇਸ ਤੋਂ ਇਲਾਵਾ ਕਾਫੀ ਗਿਣਤੀ ਵਿੱਚ ਕੋਲੇ ਦੇ ਰੈਕ ਪਾਈਪਲਾਈਨ ਵਿੱਚ ਹਨ ਅਤੇ ਇਸ ਤਰ੍ਹਾਂ ਆਉਣ ਵਾਲੇ ਕੁਝ ਦਿਨਾਂ ਵਿੱਚ ਕੋਲੇ ਦੀ ਸਥਿਤੀ ਵਿੱਚ ਸੁਧਾਰ ਹੋਵੇਗਾ।
ਉਨ੍ਹਾਂ ਕਿਹਾ ਕੱਲ੍ਹ ਬਿਜਲੀ ਦੀ ਉਪਲਬਧਤਾ ਵਿੱਚ ਸੁਧਾਰ ਦੇ ਕਾਰਨ ਬਿਜਲੀ ਕੱਟ ਦੀ ਮਿਆਦ ਕੱਲ੍ਹ ਘੱਟ ਸੀ, ਕਿਉਂਕਿ ਜੀਜੀਐਸਐਸਟੀਪੀ, ਰੋਪੜ ਅਤੇ ਜੀਵੀਕੇ ਦੇ ਇੱਕ ਯੂਨਿਟ ਨੂੰ ਕਾਰਜਸ਼ੀਲ ਬਣਾਇਆ ਗਿਆ ਸੀ। ਇਸ ਤੋਂ ਇਲਾਵਾ ਅਨੰਦਪੁਰ ਸਾਹਿਬ ਹਾਈਡਲ ਪ੍ਰੋਜੈਕਟ ਨੇ ਰਿਕਾਰਡ ਸਮੇਂ ਵਿੱਚ ਚੈਨਲ ਦੀ ਮੁਰੰਮਤ ਤੋਂ ਬਾਅਦ 84 ਮੈਗਾਵਾਟ ਬਿਜਲੀ ਉਤਪਾਦਨ ਸ਼ੁਰੂ ਕੀਤਾ ਅਤੇ ਜੀਵੀਕੇ ਦਾ ਇੱਕ ਯੂਨਿਟ ਚਾਲੂ ਹੋ ਗਿਆ।
ਏ. ਵੇਨੂੰ ਪ੍ਰਸਾਦ ਨੇ ਕਿਹਾ ਕਿ ਅਨੰਦਪੁਰ ਸਾਹਿਬ ਹਾਈਡਲ ਪ੍ਰਾਜੈਕਟ ਦੇ ਚੈਨਲ ਦੀ ਰਿਕਾਰਡ ਸਮਾਂ ਵਿੱਚ ਮੁਰੰਮਤ ਨੇ ਇਸ ਬਿਜਲੀ ਘਾਟੇ ਦੇ ਹਾਲਾਤ ਵਿੱਚ ਪੀਐਸਪੀਸੀਐਲ ਨੂੰ ਵੱਡੀ ਰਾਹਤ ਦਿੱਤੀ ਹੈ ਜਿੱਥੇ ਪੀਐਸਪੀਸੀਐਲ ਦੁਆਰਾ ਉੱਚ ਦਰਾਂ ਤੇ ਬਿਜਲੀ ਖਰੀਦੀ ਜਾਣੀ ਹੈ ਜਦੋਂ ਕਿ ਇਸਦੇ ਆਪਣੇ ਪ੍ਰੋਜੈਕਟ ਤੋਂ ਪ੍ਰਤੀ ਯੂਨਿਟ ਲਾਗਤ ਸਿਰਫ 25 ਪੈਸੇ ਹੈ ।ਸ਼੍ਰੀ ਏ. ਵੇਨੂੰ ਪ੍ਰਸਾਦ ਨੇ ਹਾਈਡਲ ਆਰਗੇਨਾਈਜੇਸ਼ਨ ਦੇ ਇੰਜੀਨੀਅਰਾਂ/ਅਧਿਕਾਰੀਆਂ ਦੀ ਸਖਤ ਮਿਹਨਤ, ਪ੍ਰਭਾਵੀ ਯੋਜਨਾਬੰਦੀ ਅਤੇ ਅਨੰਦਪੁਰ ਸਾਹਿਬ ਹਾਈਡਲ ਪ੍ਰੋਜੈਕਟ ਦੇ ਚੈਨਲ ਦੀ ਮੁਰੰਮਤ ਲਈ ਜੰਗੀ ਪੱਧਰ ‘ਤੇ ਨਿਰੰਤਰ ਨਿਗਰਾਨੀ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਬਾਸਮਤੀ ਉਗਾਉਣ ਵਾਲੇ ਫੀਡਰਾਂ ਅਤੇ ਸਬਜ਼ੀਆਂ ਨਾਲ ਸਬੰਧਤ ਫੀਡਰਾਂ ਨੂੰ ਬਿਜਲੀ ਸਪਲਾਈ ਵਿੱਚ ਵੀ ਸੁਧਾਰ ਹੋਇਆ ਹੈ।