ਪਾਕਿਸਤਾਨ | ਸਿੱਖ ਭਾਈਚਾਰੇ ਨੂੰ ਇਹ ਹੱਕ ਲੰਮੀ ਲੜਾਈ ਮਗਰੋਂ ਪ੍ਰਾਪਤ ਹੋਇਆ ਹੈ। ਪਾਕਿਸਤਾਨ ਦੇ ਸੁਪਰੀਮ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ’ਤੇ ਇਹ ਫ਼ੈਸਲਾ ਲਿਆ ਗਿਆ ਹੈ ਕਿ ਪਾਕਿਸਤਾਨ ਅੰਕੜਾ ਬਿਊਰੋ ਵੱਲੋਂ ਮਰਦਮਸ਼ੁਮਾਰੀ ਫਾਰਮ ਵਿਚ ਸਿੱਖਾਂ ਦੀ ਗਿਣਤੀ ਲਈ ਸਿੱਖ ਭਾਈਚਾਰੇ ਨੂੰ ਇਕ ਵੱਖਰੇ ਖਾਨੇ ਵਿਚ ਦਰਜ ਕੀਤਾ ਜਾਵੇਗਾ। ਪਾਕਿਸਤਾਨ ਵਿਚ ਸਿੱਖਾਂ ਨੂੰ ਵੱਖਰੀ ਕੌਮ ਵਜੋਂ ਮਾਨਤਾ ਮਿਲੀ ਹੈ। ਜੋ ਕਿ ਸਿੱਖਾਂ ਲਈ ਮਾਣ ਵਾਲੀ ਗੱਲ ਹੈ। ਪਹਿਲਾਂ ਸਿੱਖ ਭਾਈਚਾਰੇ ਦੀ ਗਿਣਤੀ ਹੋਰ ਧਰਮਾਂ ਨਾਂ ਹੇਠ ਇਕ ਕਾਲਮ ਵਿਚ ਹੁੰਦੀ ਸੀ, ਜਿਸ ਕਾਰਨ ਸਿੱਖ ਭਾਈਚਾਰੇ ਦੇ ਸਹੀ ਗਿਣਤੀ ਬਾਰੇ ਅੰਕੜੇ ਨਹੀਂ ਸਨ।
ਇਸ ਮਾਮਲੇ ਵਿਚ ਅਕਤੂਬਰ 2018 ਵਿਚ ਸੁਪਰੀਮ ਕੋਰਟ ਵੱਲੋਂ ਪਾਕਿਸਤਾਨ ਅੰਕੜਾ ਬਿਊਰੋ ਦੇ ਚੀਫ ਕਮਿਸ਼ਨਰ ਨੂੰ ਦਿਸ਼ਾ-ਨਿਰਦੇਸ਼ ਦਿੱਤੇ ਗਏ ਸਨ ਕਿ ਮਰਦਮਸ਼ੁਮਾਰੀ ਵੇਲੇ ਸਿੱਖ ਭਾਈਚਾਰੇ ਨੂੰ ਅਲੱਗ ਧਰਮ ਵਜੋਂ ਮਾਨਤਾ ਦੇਣ ਲਈ ਮਰਦਮਸ਼ੁਮਾਰੀ ਫਾਰਮ ਵਿਚ ਵੱਖਰਾ ਕਾਲਮ ਬਣਾਇਆ ਜਾਵੇ ਪਰ ਉਸ ਵੇਲੇ ਮਰਦਮਸ਼ੁਮਾਰੀ ਦੀ ਪ੍ਰਕਿਰਿਆ ਚੱਲ ਰਹੀ ਸੀ ਤੇ ਇਸ ਲਈ ਫਾਰਮ ਨੂੰ ਜਿਵੇਂ ਦਾ ਤਿਵੇਂ ਰੱਖਿਆ ਗਿਆ ਸੀ ਪਰ ਹੁਣ ਭਵਿੱਖ ਵਿਚ ਹੋਣ ਵਾਲੀ ਮਰਦਮਸ਼ੁਮਾਰੀ ਵਿਚ ਸਿੱਖ ਭਾਈਚਾਰੇ ਲਈ ਵੱਖਰਾ ਕਾਲਮ ਹੋਵੇਗਾ।