ਫਿਰੋਜ਼ਪੁਰ, 15 ਅਕਤੂਬਰ | ਫ਼ਿਰੋਜ਼ਪੁਰ ਪੁਲਿਸ ਨੇ ਇਕ ਨਸ਼ਾ ਤਸਕਰ ਦੀ ਜਾਇਦਾਦ ਜ਼ਬਤ ਕੀਤੀ ਹੈ। ਨਸ਼ਾ ਤਸਕਰ ਗੌਰਵ ਉਰਫ਼ ਗੋਰਾ ਫ਼ਿਰੋਜ਼ਪੁਰ ਦੇ ਥਾਣਾ ਕੁਲਗੜ੍ਹੀ ਦੇ ਪਿੰਡ ਬੁੱਕਣਵਾਲਾ ਦਾ ਰਹਿਣ ਵਾਲਾ ਹੈ। ਉਸ ਦੇ ਘਰ ਦੀ ਕੁੱਲ ਕੀਮਤ 16.33 ਲੱਖ ਰੁਪਏ ਹੈ। ਪੁਲਿਸ ਨੇ ਤਸਕਰ ਦੇ ਘਰ ‘ਤੇ ਲਗਾਏ ਨੋਟਿਸ ‘ਚ ਕਿਹਾ ਕਿ ਸਮਰੱਥ ਅਧਿਕਾਰੀ ਅਤੇ ਪ੍ਰਸ਼ਾਸਕ ਦਿੱਲੀ ਦੇ ਹੁਕਮਾਂ ‘ਤੇ ਗੌਰਵ ਉਰਫ਼ ਗੋਰਾ ਦੇ 3.93 ਮਰਲੇ 2 ਮੰਜ਼ਿਲਾ ਮਕਾਨ ਨੂੰ ਐਨ.ਡੀ.ਪੀ.ਐਸ. ਕੇਸ ਵਿਚ ਫਰੀਜ਼ ਕੀਤਾ ਗਿਆ ਹੈ। ਹੁਣ ਤਸਕਰ ਇਸ ਘਰ ਨੂੰ ਅੱਗੇ ਵੇਚ ਨਹੀਂ ਸਕੇਗਾ।
ਫ਼ਿਰੋਜ਼ਪੁਰ ਪੁਲਿਸ ਨੇ ਹੁਣ ਤੱਕ 10 ਨਸ਼ਾ ਸਮੱਗਲਰਾਂ ਦੀਆਂ ਜਾਇਦਾਦਾਂ ਨੂੰ ਜ਼ਬਤ ਕੀਤਾ ਹੈ। ਇਨ੍ਹਾਂ ਦੀ ਕੁੱਲ ਕੀਮਤ 4 ਕਰੋੜ 13 ਲੱਖ 42 ਹਜ਼ਾਰ 500 ਰੁਪਏ ਹੈ। ਇਨ੍ਹਾਂ ਖ਼ਿਲਾਫ਼ NDPS ਐਕਟ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। ਇਸ ਕਾਰਵਾਈ ਦੌਰਾਨ ਪੁਲਿਸ ਨੇ ਨਸ਼ਾ ਤਸਕਰਾਂ ਦੇ ਘਰਾਂ ਨੂੰ ਹੀ ਨਹੀਂ ਸਗੋਂ ਵਪਾਰਕ ਅਦਾਰਿਆਂ ਅਤੇ ਖੇਤਾਂ ਨੂੰ ਵੀ ਫਰੀਜ਼ ਕਰ ਦਿੱਤਾ ਹੈ।
ਇਨ੍ਹਾਂ ਸਾਰਿਆਂ ‘ਤੇ ਫਰੀਜ਼ ਨੋਟਿਸ ਲਗਾਏ ਗਏ ਹਨ ਤਾਂ ਜੋ ਕੋਈ ਇਨ੍ਹਾਂ ਨੂੰ ਖਰੀਦਣ ਦੇ ਜਾਲ ਵਿਚ ਨਾ ਫਸੇ। ਸੂਤਰਾਂ ਅਨੁਸਾਰ ਪੰਜਾਬ ‘ਚੋਂ ਨਸ਼ਾ ਖ਼ਤਮ ਕਰਨ ਲਈ ਪੰਜਾਬ ਪੁਲਿਸ ਸਮੇਤ ਕੇਂਦਰ ਅਤੇ ਸੂਬੇ ਦੀਆਂ 12 ਏਜੰਸੀਆਂ ਕੰਮ ਕਰ ਰਹੀਆਂ ਹਨ।