ਵਿਜੀਲੈਂਸ ਬਿਊਰੋ ਵੱਲੋਂ ਵਕਫ਼ ਬੋਰਡ ਦੇ ਮੁਲਾਜ਼ਮ ਲਈ 10,000 ਦੀ ਰਿਸ਼ਵਤ ਲੈਂਦਾ ਪ੍ਰਾਈਵੇਟ ਬੰਦਾ ਕਾਬੂ

0
956

ਚੰਡੀਗੜ੍ਹ| ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਅੱਜ ਫਾਜ਼ਿਲਕਾ ਵਿਖੇ ਤਾਇਨਾਤ ਵਕਫ਼ ਬੋਰਡ ਦੇ ਮੁਲਾਜ਼ਮ ਨਾਜ਼ਰ ਅਲੀ ਖਾਤਰ 10,000 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਐਮ.ਆਰ. ਕਾਲਜ ਰੋਡ, ਫਾਜ਼ਿਲਕਾ ਦੇ ਵਾਸੀ ਇੱਕ ਪ੍ਰਾਈਵੇਟ ਵਿਅਕਤੀ ਇੰਦਰਜੀਤ ਸ਼ਰਮਾ ਪਟਵਾਰੀ ਨੂੰ ਕਾਬੂ ਕੀਤਾ ਹੈ। ਇਸ ਮਾਮਲੇ ਵਿੱਚ ਪਿੰਡ ਉਰਸੀ ਜੱਟਾਂ, ਰਾਜਪੁਰਾ, ਪਟਿਆਲਾ ਦੇ ਫਰਾਰ ਵਕਫ਼ ਬੋਰਡ ਦੇ ਉਕਤ ਮੁਲਾਜ਼ਮ ਨੂੰ ਗ੍ਰਿਫ਼ਤਾਰ ਕਰਨ ਲਈ ਵਿਜੀਲੈਂਸ ਬਿਊਰੋ ਵੱਲੋਂ ਪਹਿਲਾਂ ਹੀ ਟੀਮਾਂ ਦਾ ਗਠਨ ਕੀਤਾ ਜਾ ਚੁੱਕਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਪ੍ਰਾਈਵੇਟ ਬੰਦੇ ਨੂੰ ਸੁਰਜੀਤ ਸਿੰਘ ਵਾਸੀ ਚੱਕ ਬਲੋਚਾਂ ਵਾਲਾ (ਮਹਾਲਮ), ਜਲਾਲਾਬਾਦ, ਫਾਜ਼ਿਲਕਾ ਦੀ ਸ਼ਿਕਾਇਤ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਾਇਆ ਹੈ ਕਿ ਵਕਫ਼ ਬੋਰਡ ਦੀ ਦੋ ਕਨਾਲ ਦਾ ਪਟਾ ਉਸ ਦੀ ਪਤਨੀ ਦੇ ਨਾਂ ‘ਤੇ ਕਰਨ ਬਦਲੇ ਉਕਤ ਮੁਲਾਜ਼ਮ ਅਤੇ ਉਸ ਦੇ ਸਾਥੀ ਪ੍ਰਾਈਵੇਟ ਵਿਅਕਤੀ ਨੇ ਰਿਸ਼ਵਤ ਵਜੋਂ 60,000 ਰੁਪਏ ਦੀ ਮੰਗ ਕੀਤੀ ਹੈ।

ਸ਼ਿਕਾਇਤਕਰਤਾ ਨੇ ਅੱਗੇ ਦੋਸ਼ ਲਾਇਆ ਕਿ ਉਕਤ ਦੋਸ਼ੀ ਪਹਿਲਾਂ ਹੀ ਰਿਸ਼ਵਤ ਦੀ ਪਹਿਲੀ ਕਿਸ਼ਤ ਵਜੋਂ 5,000 ਰੁਪਏ ਲੈ ਚੁੱਕਾ ਹੈ ਅਤੇ ਬਾਕੀ ਪੈਸੇ ਉਸ ਨੇ ਕਿਸ਼ਤਾਂ ਵਿੱਚ ਦੇਣ ਦਾ ਝੂਠਾ ਵਾਅਦਾ ਕੀਤਾ ਹੈ। ਸ਼ਿਕਾਇਤਕਰਤਾ ਨੇ ਕਥਿਤ ਦੋਸ਼ੀ ਵੱਲੋਂ ਰਿਸ਼ਵਤ ਦੀ ਮੰਗ ਕਰਨ ਸਮੇਂ ਦੀ ਸਾਰੀ ਗੱਲਬਾਤ ਨੂੰ ਰਿਕਾਰਡ ਕਰ ਲਿਆ ਅਤੇ ਇਸ ਨੂੰ ਸਬੂਤ ਵਜੋਂ ਦੋਸ਼ੀ ਵਿਰੁੱਧ ਮੁਕੱਦਮਾ ਦਰਜ ਕਰਨ ਲਈ ਵਿਜੀਲੈਂਸ ਬਿਊਰੋ ਅੱਗੇ ਪੇਸ਼ ਕੀਤਾ।

ਬੁਲਾਰੇ ਨੇ ਦੱਸਿਆ ਕਿ ਮੁੱਢਲੀ ਤਫ਼ਤੀਸ਼ ਉਪਰੰਤ ਫਿਰੋਜ਼ਪੁਰ ਯੂਨਿਟ ਦੀ ਵਿਜੀਲੈਂਸ ਟੀਮ ਨੇ ਜਾਲ ਵਿਛਾ ਕੇ ਦੋਸ਼ੀ ਪ੍ਰਾਈਵੇਟ ਵਿਅਕਤੀ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ 10,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ।

ਇਸ ਸਬੰਧੀ ਦੋਵਾਂ ਮੁਲਜ਼ਮਾਂ ਖ਼ਿਲਾਫ਼ ਵਿਜੀਲੈਂਸ ਬਿਊਰੋ ਦੇ ਥਾਣਾ ਫਿਰੋਜ਼ਪੁਰ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਜਾਂਚ ਆਰੰਭ ਕਰ ਦਿੱਤੀ ਗਈ ਹੈ।