ਫਾਟਕ ਬੰਦ ਹੋਣ ਕਾਰਨ ਆਟੋ ‘ਚ ਤੜਫਦੀ ਰਹੀ ਗਰਭਵਤੀ, ਬੱਚੀ ਨੂੰ ਜਨਮ ਦੇਣ ਤੋਂ ਬਾਅਦ ਤੋੜਿਆ ਦਮ

0
345

ਮੰਡੀ ਗੋਬਿੰਦਗੜ੍ਹ | ਸਥਾਨਕ ਰੇਲਵੇ ਸਟੇਸ਼ਨ ਦੇ ਨੇੜੇ ਫਾਟਕ ਬੰਦ ਹੋਣ ਕਾਰਨ ਇਕ ਗਰਭਵਤੀ ਔਰਤ ਆਟੋ ‘ਚ ਬੈਠੀ ਕਾਫੀ ਦੇਰ ਤੱਕ ਤੜਫਦੀ ਰਹੀ। ਉਸ ਨੇ ਟ੍ਰੈਕ ਦੇ ਨੇੜੇ ਹੀ ਇਕ ਬੱਚੀ ਨੂੰ ਜਨਮ ਦਿੱਤਾ ਤੇ ਬਾਅਦ ‘ਚ ਦਮ ਤੋੜ ਦਿੱਤਾ।

ਜਾਣਕਾਰੀ ਅਨੁਸਾਰ ਮ੍ਰਿਤਕ ਬਿੰਦੂ ਦੇ ਪਤੀ ਧਰਮਿੰਦਰ ਨੇ ਦੱਸਿਆ ਕਿ ਉਸ ਦੀ ਪਤਨੀ ਗਰਭਵਤੀ ਸੀ, ਜਿਸ ਦਾ ਇਲਾਜ ਸਿਵਲ ਹਸਪਤਾਲ ‘ਚ ਚੱਲ ਰਿਹਾ ਸੀ।

ਬੀਤੀ ਰਾਤ ਬਿੰਦੂ ਦੇ ਪ੍ਰਸੂਤੀ ਪੀੜਾ ਹੋਣ ਲੱਗੀ ਤਾਂ ਉਸ ਦੇ ਪਤੀ ਨੇ 108 ਨੰਬਰ ‘ਤੇ ਫੋਨ ਕੀਤਾ ਪਰ ਕਾਫੀ ਦੇਰ ਤੱਕ ਐਂਬੂਲੈਂਸ ਨਹੀਂ ਆਈ, ਜਿਸ ਕਾਰਨ ਧਰਮਿੰਦਰ ਨੇ ਆਪਣੀ ਪਤਨੀ ਨੂੰ ਆਟੋ ‘ਚ ਹੀ ਹਸਪਤਾਲ ਲਿਜਾਣ ਦਾ ਫੈਸਲਾ ਕੀਤਾ।

ਰਸਤੇ ‘ਚ ਰੇਲਵੇ ਫਾਟਕ ਬੰਦ ਸੀ। ਫਾਟਕ ‘ਤੇ ਤਾਇਨਾਤ ਰੇਲਵੇ ਕਰਮਚਾਰੀ ਨੂੰ ਪੂਰੇ ਹਾਲਾਤ ਬਾਰੇ ਜਾਣਕਾਰੀ ਦਿੰਦਿਆਂ ਫਾਟਕ ਖੋਲ੍ਹਣ ਦਾ ਕਿਹਾ ਪਰ ਮੁਲਾਜ਼ਮ ਨੇ ਫਾਟਕ ਖੋਲ੍ਹਣ ਤੋਂ ਇਨਕਾਰ ਕਰ ਦਿੱਤਾ।

ਫਾਟਕ ਕਾਫੀ ਦੇਰ ਤੱਕ ਬੰਦ ਰਿਹਾ। ਇਸ ਦੌਰਾਨ ਬਿੰਦੂ ਆਟੋ ‘ਚ ਬੈਠੀ ਦਰਦ ਨਾਲ ਤੜਫਦੀ ਰਹੀ। ਉਸ ਨੇ ਰੇਲਵੇ ਟ੍ਰੈਕ ਦੇ ਨੇੜੇ ਹੀ ਬੱਚੀ ਨੂੰ ਜਨਮ ਦਿੱਤਾ ਪਰ ਉਸ ਦੀ ਹਾਲਤ ਕਾਫੀ ਗੰਭੀਰ ਹੋ ਗਈ ਤੇ ਸਿਵਲ ਹਸਪਤਾਲ ਤੱਕ ਪਹੁੰਚਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ।

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)