ਫਿਰੋਜ਼ਪਰ। ਫਿਰੋਜ਼ਪਰ ਦੇ ਪਿੰਡ ਗੱਟੀ ਰਾਜੋ ਕੇ ਵਿਚ 7 ਮਹੀਨਿਆਂ ਦੀ ਗਰਭਵਤੀ ਦੀ ਮੌਤ ‘ਤੇ ਮ੍ਰਿਤਕ ਲੜਕੀ ਦੇ ਪਰਿਵਾਰ ਨੇ ਸਹੁਰੇ ਪਰਿਵਾਰ ਉਤੇ ਆਰੋਪ ਲਗਾਏ ਹਨ ਕਿ ਉਨ੍ਹਾਂ ਦੀ ਲੜਕੀ ਨੂੰ ਦਹੇਜ ਲਈ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਤੇ ਅੱਜ ਉਸਦਾ ਕਤਲ ਕਰ ਦਿੱਤਾ ਗਿਆ, ਜਿਸਦੀ ਮ੍ਰਿਤਕ ਲੜਕੀ ਦੀ ਸਹੇਲੀ ਤੋਂ ਸੂਚਨਾ ਮਿਲਦੇ ਹੀ ਉਹ ਇਥੇ ਪਹੁੰਚੇ। ਮਾਮਲਾ ਫ਼ਿਰੋਜ਼ਪਰ ਦੇ ਸਰਹੱਦੀ ਪਿੰਡ ਗੱਟੀ ਰਾਜੋ ਕੇ ਤੋਂ ਸਾਹਮਣੇ ਆਇਆ ਹੈ, ਜਿਥੇ ਪਿਛਲੇ 7 ਮਹੀਨਿਆਂ ਦੀ ਨਵਵਿਆਹੁਤਾ ਦੀ ਮੌਤ ਹੋ ਗਈ, ਜਿਸ ਦੇ ਮ੍ਰਿਤਕ ਸਰੀਰ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ।
ਪੀੜਤ ਲੜਕੀ ਦੇ ਪਰਿਵਾਰ ਵਾਲਿਆਂ ਨੇ ਦੋਸ਼ ਲਗਾਏ ਕਿ ਉਨ੍ਹਾਂ ਦੀ ਲੜਕੀ ਨੂੰ ਦਾਜ ਲਈ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਤੇ ਅੱਜ ਜਦੋਂ ਸਾਨੂੰ ਮ੍ਰਿਤਕ ਲੜਕੀ ਰਾਜਵੰਤ ਕੌਰ ਦੀ ਸਹੇਲੀ ਦਾ ਫੋਨ ਆਇਆ ਤਾਂ ਪਤਾ ਲੱਗਾ ਕਿ ਸਾਡੀ ਲੜਕੀ ਮਰ ਚੁੱਕੀ ਹੈ। ਇਸ ਬਾਰੇ ਸਾਨੂੰ ਉਸਦੇ ਸਹੁਰੇ ਪਰਿਵਾਰ ਨੇ ਭਣਕ ਤਕ ਨਹੀਂ ਪੈਣ ਦਿੱਤੀ।
ਮਾਮਲੇ ਦੀ ਜਾਂਚ ਕਰ ਰਹੇ ਪੁਲਸ ਅਧਿਕਾਰੀ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਗਰਭਵਤੀ ਲੜਕੀ, ਜਿਸ ਦੀ ਮੌਤ ਹੋ ਗਈ ਹੈ, ਗਰਭਵਤੀ ਹੋਣ ਕਾਰਨ ਉਸਦੇ ਪਤੀ ਨੇ ਪਿੰਡ ਵਿਚੋਂ ਕਿਸੇ ਡਾਕਟਰ ਕੋਲੋਂ ਟੀਕਾ ਲਗਾਇਆ ਸੀ, ਜਿਸ ਉਪਰੰਤ ਉਸਦੀ ਮੌਤ ਹੋ ਗਈ। ਪੁਲਿਸ ਨੇ ਕਿਹਾ ਕਿ ਪੀੜਤ ਪਰਿਵਾਰ ਦੇ ਬਿਆਨਾਂ ਦੇ ਅਧਾਰ ਉਤੇ ਹੀ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।