Power Crisis : ਪੰਜਾਬ ‘ਚ ਅਗਲੇ 3 ਦਿਨਾਂ ਤੱਕ ਬਿਜਲੀ ਸੰਕਟ ਦਾ ਕਰਨਾ ਪਏਗਾ ਸਾਹਮਣਾ, 2 ਤੋਂ 6 ਘੰਟੇ ਤੱਕ ਲੱਗ ਰਹੇ ਕੱਟ

0
5213

ਪਟਿਆਲਾ | ਕੋਲੇ ਦੀ ਘਾਟ ਕਾਰਨ ਪੰਜਾਬ ‘ਚ ਬਿਜਲੀ ਦਾ ਸੰਕਟ ਜਾਰੀ ਹੈ। ਪੰਜਾਬ ਰਾਜ ਬਿਜਲੀ ਨਿਗਮ 11 ਦਿਨਾਂ ‘ਚ 244 ਕਰੋੜ ਤੋਂ ਵੱਧ ਦੀ ਬਿਜਲੀ ਖਰੀਦ ਕੇ ਵੀ ਬਿਜਲੀ ਦੀ ਮੰਗ ਪੂਰੀ ਨਹੀਂ ਕਰ ਸਕਿਆ।

ਲੋਕਾਂ ਨੂੰ ਬਿਜਲੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਐਤਵਾਰ ਨੂੰ ਪੰਜਾਬ ਵਿੱਚ ਸਿਰਫ 2 ਥਰਮਲ ਪਲਾਂਟਾਂ ਕੋਲ 12 ਰੈਕ ਕੋਲਾ ਪੁੱਜਾ। ਇਨ੍ਹਾਂ ‘ਚ ਵੀ ਹੁਣ ਸਿਫਰ ਇਕ ਜਾਂ ਡੇਢ ਦਿਨ ਦਾ ਕੋਲਾ ਬਚਿਆ ਹੈ।

ਇਸ ਤੋਂ ਇਲਾਵਾ 47 ਰੈਕ ਅਜੇ ਰਾਹ ਵਿੱਚ ਦੱਸੇ ਜਾ ਰਹੇ ਹਨ, ਜੋ ਕਿ ਲਗਭਗ 2 ਦਿਨਾਂ ਤੱਕ ਥਰਮਲਾਂ ਤੱਕ ਪੁੱਜਣ ਦੀ ਆਸ ਹੈ। ਸੋਮਵਾਰ ਨੂੰ ਪੰਜਾਬ ਵਿੱਚ ਬਿਜਲੀ ਦੀ ਮੰਗ 9 ਹਜ਼ਾਰ ਮੈਗਾਵਾਟ ਤੱਕ ਪੁੱਜੀ ਗਈ ਹੈ, ਜਦੋਂਕਿ ਬਿਜਲੀ ਨਿਗਮ ਸਿਫਰ 8 ਹਜ਼ਾਰ ਮੈਗਾਵਾਟ ਤੱਕ ਹੀ ਸਪਲਾਈ ਕਰ ਸਕਿਆ ਹੈ।

ਮੰਗ ਤੇ ਸਪਲਾਈ ਵਿੱਚ ਇਕ ਹਜ਼ਾਰ ਮੈਗਾਵਾਟ ਦੇ ਫਰਕ ਕਾਰਨ ਪੰਜਾਬ ‘ਚ 2 ਤੋਂ 6 ਘੰਟੇ ਤੱਕ ਦੇ ਪਾਵਰ ਕੱਟ ਲੱਗ ਰਹੇ ਹਨ। ਬਿਜਲੀ ਉਤਪਾਦਨ ਪ੍ਰਭਾਵਿਤ ਹੋਣ ਕਾਰਨ ਪੰਜਾਬ ਰਾਜ ਬਿਜਲੀ ਨਿਗਮ ਵੱਲੋਂ ਓਪਨ ਐਕਸਚੇਂਜ ਤੋਂ ਰੋਜ਼ਾਨਾ ਕਰੋੜਾਂ ਦੀ ਬਿਜਲੀ ਖਰੀਦਣੀ ਪੈ ਰਹੀ ਹੈ। ਦਰਅਸਲ ਪਾਵਰਕਾਮ ਨੇ 15 ਅਕਤੂਬਰ ਤੱਕ ਬਿਜਲੀ ਸੰਕਟ ਦੀ ਚਿਤਾਵਨੀ ਦਿੱਤੀ ਹੋਈ ਹੈ।

2 ਤੋਂ 6 ਘੰਟੇ ਫੀਡਰ ਰਹੇ ਬੰਦ

ਸੋਮਵਾਰ ਨੂੰ 5 ਵਜੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ 507 ਫੀਡਰ 2 ਘੰਟੇ, 87 ਫੀਡਰ 4 ਘੰਟੇ ਤੇ 2 ਫੀਡਰ 6 ਘੰਟੇ ਤੱਕ ਬੰਦ ਰਹੇ।

ਦੇਰ ਸ਼ਾਮ ਤੱਕ ਬਿਜਲੀ ਬੰਦ ਹੋਣ ਸਬੰਧੀ ਕਰੀਬ 25 ਹਜ਼ਾਰ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ, ਜਿਨ੍ਹਾਂ ‘ਚੋਂ ਸਭ ਤੋਂ ਵੱਧ 2560 ਸ਼ਿਕਾਇਤਾਂ ਲੁਧਿਆਣਾ ਪੱਛਮੀ ਖੇਤਰ ਤੋਂ ਆਈਆਂ ਤੇ ਸਿਰਫ ਇਕ ਸ਼ਿਕਾਇਤ ਜ਼ੀਰਾ ਤੋਂ ਦਰਜ ਕੀਤੀ ਗਈ।

ਦੇਰ ਸ਼ਾਮ ਤੱਕ 22 ਹਜ਼ਾਰ ਤੋਂ ਵੱਧ ਸ਼ਿਕਾਇਤਾਂ ਦਾ ਹੱਲ ਕੀਤਾ ਗਿਆ, ਜਦੋਂਕਿ 3 ਹਜ਼ਾਰ ’ਤੇ ਕੰਮ ਜਾਰੀ ਰਿਹਾ।