ਚੰਡੀਗੜ੍ਹ। ਹਰ ਵਾਰ ਗਰਮੀਆਂ ਦੇ ਮੌਸਮ ਵਾਂਗ ਇਸ ਵਾਰ ਵੀ ਪੰਜਾਬ ਵਿੱਚ ਬਿਜਲੀ ਸੰਕਟ ਖੜ੍ਹਾ ਹੋ ਗਿਆ ਹੈ। ਕਈ ਇਲਾਕਿਆਂ ਵਿਚ ਅੱਠ ਤੋਂ ਨੌਂ ਘੰਟੇ ਕੱਟ ਲੱਗ ਰਹੇ ਹਨ। 14 ਜੂਨ ਤੋਂ ਝੋਨੇ ਦੀ ਲੁਆਈ ਸ਼ੁਰੂ ਹੋ ਰਹੀ ਹੈ। ਇਸ ਲਈ ਬਿਜਲੀ ਸੰਕਟ ਹੋਰ ਡੂੰਘਾ ਹੋਣ ਦੀ ਚਿੰਤਾ ਹੈ। ਬਿਜਲੀ ਸੰਕਟ ਦਾ ਮੁੱਖ ਕਾਰਨ ਗਰਮੀ ਨੂੰ ਮੰਨਿਆ ਜਾ ਰਿਹਾ ਹੈ।
ਐਤਵਾਰ ਨੂੰ ਪੰਜਾਬ ਵਿੱਚ ਬਿਜਲੀ ਦੀ ਮੰਗ 10,500 ਮੈਗਾਵਾਟ ਤੱਕ ਪਹੁੰਚ ਗਈ। ਇਸ ਨੂੰ ਪੂਰਾ ਕਰਨ ਲਈ ਸੂਬੇ ਦੇ 60 ਫੀਡਰਾਂ ਉੱਪਰ ਇੱਕ ਤੋਂ ਨੌਂ ਘੰਟੇ ਦਾ ਕੱਟ ਵੀ ਲਾਇਆ ਗਿਆ। ਕੱਟਾਂ ਦਾ ਸਿਲਸਿਲਾ ਸਵੇਰੇ ਅੱਠ ਵਜੇ ਤੋਂ ਸ਼ੁਰੂ ਹੋ ਕੇ ਰਾਤ ਤੱਕ ਜਾਰੀ ਰਿਹਾ। ਇਸ ਨਾਲ ਲੋਕਾਂ ਦਾ ਜਿਉਣਾ ਮੁਹਾਲ ਹੋ ਗਿਆ।
ਥਰਮਲ ਪਲਾਂਟਾਂ ਨੇ ਐਤਵਾਰ ਨੂੰ 3760 ਮੈਗਾਵਾਟ ਬਿਜਲੀ ਪੈਦਾ ਕੀਤੀ ਤੇ ਪਾਵਰਕਾਮ ਨੇ ਬਾਹਰਲੇ ਰਾਜਾਂ ਤੋਂ 5600 ਮੈਗਾਵਾਟ ਬਿਜਲੀ ਦੀ ਮੰਗ ਕੀਤੀ ਹੈ। ਖਾਸ ਗੱਲ ਇਹ ਹੈ ਕਿ ਪਾਵਰਕੌਮ ਵੱਲੋਂ ਇਨ੍ਹਾਂ ਵਿੱਚੋਂ ਜ਼ਿਆਦਾਤਰ ਕੱਟ ਪੇਂਡੂ ਖੇਤਰਾਂ ਵਿੱਚ ਹੀ ਲਾਏ ਜਾ ਰਹੇ ਹਨ।
ਪਾਵਰਕੌਮ ਦੇ ਸੀਐਮਡੀ ਬਲਦੇਵ ਸਿੰਘ ਸਰਾਂ ਨੇ ਦਾਅਵਾ ਕੀਤਾ ਕਿ ਪਾਵਰਕੌਮ ਵੱਲੋਂ ਬਿਜਲੀ ਸਪਲਾਈ ਦੇ ਪੂਰੇ ਪ੍ਰਬੰਧ ਹਨ। ਜੇਕਰ ਮੰਗ 15,000 ਮੈਗਾਵਾਟ ਤੱਕ ਜਾਂਦੀ ਹੈ ਤਾਂ ਵੀ ਬਿਜਲੀ ਦੀ ਕਮੀ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਸਰਦ ਰੁੱਤ ਦੌਰਾਨ ਪਾਵਰਕੌਮ ਨੇ ਬਾਹਰਲੇ ਰਾਜਾਂ ਨੂੰ ਬਿਜਲੀ ਸਪਲਾਈ ਕੀਤੀ ਸੀ ਜਿਸ ਨੂੰ ਉਹ ਵਧਦੀ ਮੰਗ ਦੌਰਾਨ ਵਾਪਸ ਲੈ ਲੈਣਗੇ। ਅਜਿਹੇ ਵਿੱਚ ਪੰਜਾਬ ਦੇ ਲੋਕਾਂ ਨੂੰ ਬਿਜਲੀ ਸੰਕਟ ਤੋਂ ਡਰਨ ਦੀ ਲੋੜ ਨਹੀਂ।