ਵਿਧਾਇਕਾਂ ਦੇ ਘਰਾਂ ਬਾਹਰ ਲੱਗੇ ਪੋਸਟਰ, ਲਿਖਿਆ -ਹਥਿਆਰ ਅੰਦਰ ਲਿਜਾਣ ਦੀ ਇਜਾਜ਼ਤ ਨਹੀਂ

0
189

ਲੁਧਿਆਣਾ | ਪੰਜਾਬ ਵਿੱਚ ਡੀਜੀਪੀ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ ਕਿ ਜਨਤਕ ਥਾਵਾਂ ’ਤੇ ਹਥਿਆਰ ਲੈ ਕੇ ਜਾਣ ’ਤੇ ਸਖ਼ਤ ਪਾਬੰਦੀ ਹੈ। ਇਸ ਕਾਰਨ ਹੁਣ ਵਿਧਾਇਕਾਂ ਦੇ ਘਰਾਂ ਦੇ ਬਾਹਰ ਪੋਸਟਰ ਵੀ ਲਗਾ ਦਿੱਤੇ ਗਏ ਹਨ, ਜਿਨ੍ਹਾਂ ‘ਤੇ ਲਿਖਿਆ ਹੈ ਕਿ ਹਥਿਆਰਾਂ ਨਾਲ ਦਾਖਲ ਹੋਣ ਦੀ ਮਨਾਹੀ ਹੈ। ਇਹ ਕਦਮ ਇਸ ਲਈ ਵੀ ਚੁੱਕਿਆ ਗਿਆ ਹੈ ਤਾਂ ਜੋ ਬੰਦੂਕ ਕਲਚਰ ਨੂੰ ਪ੍ਰਫੁੱਲਿਤ ਨਾ ਹੋਣ ਦਿੱਤਾ ਜਾਵੇ।

ਅੱਜ ਲੁਧਿਆਣਾ ਪੱਛਮੀ ਹਲਕੇ ਦੇ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੇ ਦਫ਼ਤਰ ਦੇ ਬਾਹਰ ਪੋਸਟਰ ਇਸ ਲਈ ਲਗਾਏ ਗਏ ਹਨ ਤਾਂ ਜੋ ਕੋਈ ਵੀ ਵਿਅਕਤੀ ਕਿਸੇ ਵੀ ਤਰ੍ਹਾਂ ਦੇ ਹਥਿਆਰਾਂ ਦਾ ਪ੍ਰਚਾਰ ਨਾ ਕਰ ਸਕੇ। ਗੋਗੀ ਨੇ ਕਿਹਾ ਕਿ ਪੰਜਾਬ ਵਿੱਚ ਮਾਹੌਲ ਸ਼ਾਂਤਮਈ ਹੈ ਅਤੇ ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਦੱਸ ਦੇਈਏ ਕਿ ਵਿਧਾਇਕ ਗੋਗੀ ਦੇ ਦਫਤਰ ‘ਚ ਦਾਖਲ ਹੋਣ ਵਾਲੇ ਹਰ ਵਿਅਕਤੀ ਦੀ ਤਲਾਸ਼ੀ ਲਈ ਜਾ ਰਹੀ ਹੈ।

‘ਆਪ’ ਸਰਕਾਰ ਦੀ ਪੂਰੀ ਕੋਸ਼ਿਸ਼ ਹੈ ਕਿ ਨੌਜਵਾਨਾਂ ਦੇ ਹੱਥਾਂ ‘ਚ ਲੈਪਟਾਪ ਅਤੇ ਕਿਤਾਬਾਂ ਹੋਣ, ਪਿਸਤੌਲ ਨਹੀਂ। ਪੁਰਾਣੀਆਂ ਸਰਕਾਰਾਂ ਨੇ ਹਥਿਆਰਾਂ ਨੂੰ ਇੰਨਾ ਵਧਾ ਦਿੱਤਾ ਸੀ ਕਿ ਹੁਣ ਇਸ ‘ਤੇ ਸਖ਼ਤੀ ਦੀ ਲੋੜ ਹੈ। ਇਸ ਲਈ ਹਰ ਕਿਸੇ ਦੇ ਲਾਇਸੈਂਸ ਦੀ ਜਾਂਚ ਕੀਤੀ ਜਾ ਰਹੀ ਹੈ।

ਦੂਜੇ ਪਾਸੇ ਪੰਜਾਬ ਦੇ ਸੂਬਾ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਨੇ ਪਿਛਲੇ ਦਿਨੀਂ ਕਿਹਾ ਸੀ ਕਿ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਨੂੰ ਪਸੰਦ ਨਹੀਂ ਕਰ ਰਹੇ ਹਨ। ਨਿਗਮ ਚੋਣਾਂ ‘ਚ ‘ਆਪ’ ਆਗੂਆਂ ਨੂੰ ਹਾਰ ਦਾ ਮੂੰਹ ਦੇਖਣਾ ਪਵੇਗਾ। ਵੜਿੰਗ ਦੇ ਇਸ ਬਿਆਨ ‘ਤੇ ਚੁਟਕੀ ਲੈਂਦਿਆਂ ਵਿਧਾਇਕ ਗੋਗੀ ਨੇ ਕਿਹਾ ਕਿ ਰਾਜਾ ਵੜਿੰਗ ਨੂੰ ਆਪਣਾ ਘਰ (ਕਾਂਗਰਸ) ਸੰਭਾਲਣਾ ਚਾਹੀਦਾ ਹੈ।