ਨਵੀਂ ਦਿੱਲ਼ੀ। ਮਸ਼ਹੂਰ ਕਾਮੇਡੀਅਨ ਰਾਜੂ ਸ਼੍ਰੀਵਾਸਤਵ (Raju Srivastava) ਦਾ 58 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਕਮੇਡੀਅਨ ਨੇ ਨਵੀਂ ਦਿੱਲੀ ਦੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਏਮਜ਼) ਵਿੱਚ ਆਖਰੀ ਸਾਹ ਲਿਆ। ਰਾਜੂ ਨੂੰ 10 ਅਗਸਤ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਏਮਜ਼ ਵਿੱਚ ਭਰਤੀ ਕਰਵਾਇਆ ਗਿਆ ਸੀ।
ਜਾਣਕਾਰੀ ਲਈ ਦੱਸ ਦੇਈਏ ਕਿ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਦੇ ਦਿਹਾਂਤ ਬਾਰੇ ਉਨ੍ਹਾਂ ਦੇ ਪਰਿਵਾਰ ਨੇ ਪੁਸ਼ਟੀ ਕੀਤੀ ਹੈ। ਕਾਮੇਡੀਅਨ ਦਾ 41 ਦਿਨਾਂ ਤੋਂ ਏਮਜ਼ ਹਸਪਤਾਲ ‘ਚ ਇਲਾਜ ਚੱਲ ਰਿਹਾ ਸੀ। ਇਹ ਦੁੱਖਦ ਖਬਰ ਨੂੰ ਸੁਣ ਕੇ ਉੱਤਰ ਪ੍ਰਦੇਸ਼ ਦੇ ਰੈਜ਼ੀਡੈਂਟ ਕਮਿਸ਼ਨਰ ਰਿਗਜਿਅਨ ਸੈਂਪਲ ਹਸਪਤਾਲ ਪਹੁੰਚ ਰਹੇ ਹਨ। ਇਸ ਦੌਰਾਨ ਪਰਿਵਾਰ ਦੀ ਹਰ ਸਹੂਲਤ ਲਈ ਉੱਤਰ ਪ੍ਰਦੇਸ਼ ਸਰਕਾਰ ਕੰਮ ਕਰ ਰਹੀ ਹੈ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਵੀ ਕਾਮੇਡੀਅਨ ਦੇ ਦਿਹਾਂਤ ਦੀ ਸੂਚਨਾ ਦੇ ਦਿੱਤੀ ਗਈ ਹੈ।
ਕਾਬਿਲੇਗੌਰ ਹੈ ਕਿ ਰਾਜੂ ਸ਼੍ਰੀਵਾਸਤਵ ਨੇ ਆਪਣੀ ਸਟੈਂਡ-ਅੱਪ ਕਾਮੇਡੀ ਅਤੇ ਚੁਟਕਲਿਆਂ ਨਾਲ ਦਰਸ਼ਕਾਂ ਦੇ ਦਿਲਾਂ ਵਿੱਚ ਵੱਖਰੀ ਜਗ੍ਹਾ ਬਣਾਈ। ਉਨ੍ਹਾਂ ਨੇ ਆਪਣੇ ਸਮੇਂ ਵਿੱਚ ਪਹਿਲੇ ਸਟੈਂਡ-ਅੱਪ ਕਾਮੇਡੀ ਟੇਲੈਂਟ ਹੰਟ ਸ਼ੋਅ ‘ਦਿ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ’ ਨਾਲ ਦੁਨੀਆ ਭਰ ਵਿੱਚ ਨਾਮ ਕਮਾਇਆ। ਜਿਸ ਦਾ ਪਹਿਲੇ ਸੀਜ਼ਨ ਦੇ ਪ੍ਰੀਮੀਅਰ ਸਾਲ 2005 ਵਿੱਚ ਹੋਇਆ ਸੀ। ਉਹ ਹਿੰਦੀ ਫਿਲਮਾਂ ਜਿਵੇਂ ਕਿ “ਮੈਨੇ ਪਿਆਰ ਕੀਆ”, “ਬਾਜ਼ੀਗਰ”, “ਬੰਬੇ ਟੂ ਗੋਆ” (ਰੀਮੇਕ) ਅਤੇ “ਆਮਦਨੀ ਅਠਨੀ ਖਰਚਾ ਰੁਪਈਆ” ਵਿੱਚ ਨਜ਼ਰ ਆਏ। ਉਹ “ਬਿੱਗ ਬੌਸ” ਸੀਜ਼ਨ 3 ਦੇ ਪ੍ਰਤੀਯੋਗੀਆਂ ਵਿੱਚੋਂ ਇੱਕ ਸੀ। ਉਹ ਉੱਤਰ ਪ੍ਰਦੇਸ਼ ਫਿਲਮ ਵਿਕਾਸ ਕੌਂਸਲ ਦੇ ਚੇਅਰਮੈਨ ਵੀ ਸਨ। ਕਲਾਕਾਰ ਦਾ 58 ਸਾਲ ਦੀ ਉਮਰ ਵਿੱਚ ਦੁਨੀਆ ਨੂੰ ਅਲਵਿਦਾ ਕਹਿ ਜਾਣਾ ਸਿਨੇਮਾ ਜਗਤ ਲਈ ਬਹੁਤ ਦੁੱਖਦ ਖਬਰ ਹੈ।