ਪੁੰਛ ਅੱਤਵਾਦੀ ਹਮਲਾ: ਪੁੱਛਗਿੱਛ ਲਈ 30 ਲੋਕ ਹਿਰਾਸਤ ‘ਚ, ਹਾਈ ਅਲਰਟ ਜਾਰੀ

0
415

ਜੰਮੂ-ਕਸ਼ਮੀਰ| ਜੰਮੂ-ਕਸ਼ਮੀਰ ਦੇ ਪੁੰਛ ‘ਚ ਫੌਜ ਦੇ ਟਰੱਕ ‘ਤੇ ਹਮਲਾ ਕਰਨ ਵਾਲੇ ਅੱਤਵਾਦੀਆਂ ਨੂੰ ਫੜਨ ਲਈ ਫੌਜ ਵੱਲੋਂ ਵੱਡੇ ਪੱਧਰ ‘ਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮਾਮਲੇ ਸਬੰਧੀ ਪੁੱਛਗਿੱਛ ਲਈ ਹੁਣ ਤੱਕ ਕਰੀਬ 30 ਲੋਕਾਂ ਨੂੰ ਹਿਰਾਸਤ ‘ਚ ਲਿਆ ਗਿਆ ਹੈ। ਇਹ ਜਾਣਕਾਰੀ ਅਧਿਕਾਰੀਆਂ ਨੇ ਐਤਵਾਰ ਨੂੰ ਦਿੱਤੀ। ਫੌਜ ਦੀ ਉੱਤਰੀ ਕਮਾਨ ਦੇ ਕਮਾਂਡਰ ਲੈਫਟੀਨੈਂਟ ਜਨਰਲ ਉਪੇਂਦਰ ਦਿਵੇਦੀ ਨੇ ਐਤਵਾਰ ਨੂੰ ਕਿਹਾ ਕਿ ਜੰਮੂ-ਕਸ਼ਮੀਰ ਦੇ ਪੁੰਛ ਜ਼ਿਲੇ ਦੇ ਭਾਟਾ ਧੂਰੀਆ ਖੇਤਰ ‘ਚ ਬੀਤੇ ਵੀਰਵਾਰ ਨੂੰ ਫੌਜ ਦੇ ਟਰੱਕ ‘ਤੇ ਹੋਏ ਘਾਤਕ ਹਮਲੇ ਲਈ ਜ਼ਿੰਮੇਵਾਰ ਅੱਤਵਾਦੀਆਂ ਖਿਲਾਫ ਲੋੜੀਂਦੀ ਕਾਰਵਾਈ ਕੀਤੀ ਜਾ ਰਹੀ ਹੈ।

ਫੌਜ ਦੀ ਉੱਤਰੀ ਕਮਾਨ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਰਾਹੀਂ ਲੈਫਟੀਨੈਂਟ ਦਿਵੇਦੀ ਦੇ ਊਧਮਪੁਰ ਦੇ ‘ਕਮਾਂਡ ਹਸਪਤਾਲ’ ਦੇ ਦੌਰੇ ਦੇ ਵੇਰਵੇ ਸਾਂਝੇ ਕੀਤੇ, ਜਿੱਥੇ ਉਨ੍ਹਾਂ ਨੇ ਅੱਤਵਾਦੀ ਹਮਲੇ ‘ਚ ਜ਼ਖਮੀ ਹੋਏ ਜਵਾਨ ਨਾਲ ਗੱਲਬਾਤ ਕੀਤੀ। ਉੱਤਰੀ ਕਮਾਨ ਨੇ ਟਵੀਟ ਕੀਤਾ ਕਿ ਦਿਵੇਦੀ ਨੂੰ ਹੁਣ ਤੱਕ ਕੀਤੀ ਗਈ ਕਾਰਵਾਈ ਦੀ ਜਾਣਕਾਰੀ ਦਿੱਤੀ ਗਈ ਅਤੇ ਸੈਨਿਕਾਂ ਨੂੰ ਆਪਣੇ ਸੰਕਲਪ ‘ਤੇ ਕਾਇਮ ਰਹਿਣ ਲਈ ਕਿਹਾ। ਇਸ ਟਵੀਟ ਦੇ ਨਾਲ ਦੋ ਤਸਵੀਰਾਂ ਵੀ ਸ਼ੇਅਰ ਕੀਤੀਆਂ ਗਈਆਂ ਹਨ।

ਅਧਿਕਾਰੀਆਂ ਨੇ ਦੱਸਿਆ ਕਿ ਹੁਣ ਤੱਕ 30 ਲੋਕਾਂ ਨੂੰ ਪੁੱਛਗਿੱਛ ਲਈ ਹਿਰਾਸਤ ‘ਚ ਲਿਆ ਗਿਆ ਹੈ। ਅਧਿਕਾਰਤ ਸੂਤਰਾਂ ਨੇ ਦੱਸਿਆ, ”ਜਿਨ੍ਹਾਂ ਨੂੰ ਹਿਰਾਸਤ ‘ਚ ਲਿਆ ਗਿਆ ਹੈ, ਉਨ੍ਹਾਂ ‘ਚ ਪੁੰਛ ਦੇ ਡੇਗਵਾਰ ਦੇ ਰਹਿਣ ਵਾਲੇ ਦੋ ਜੋੜੇ ਇਕਬਾਲ ਅਤੇ ਉਸ ਦੀ ਪਤਨੀ ਮੁਦੀਫਾ ਅਤੇ ਸਲਮਾਨ ਦੀਨ ਅਤੇ ਉਸ ਦੀ ਪਤਨੀ ਰਸ਼ੀਦਾ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਹਮਲੇ ‘ਚ ਮਾਰੇ ਗਏ ਜਵਾਨ ਰਾਸ਼ਟਰੀ ਰਾਈਫਲਜ਼ ‘ਚ ਸਨ ਅਤੇ ਅੱਤਵਾਦ ਵਿਰੋਧੀ ਮੁਹਿੰਮਾਂ ਲਈ ਤਾਇਨਾਤ ਸਨ।

ਟਵੀਟ ਵਿਚ ਉਨ੍ਹਾਂ ਦੱਸਿਆ ਕਿ ਫੌਜ ਦੇ ਟਰੱਕ ‘ਤੇ ਹੋਏ ਹਮਲੇ ‘ਚ 5 ਜਵਾਨ ਸ਼ਹੀਦ ਹੋ ਗਏ, ਜਦਕਿ ਇਕ ਹੋਰ ਫੌਜੀ ਜ਼ਖਮੀ ਹੋ ਗਿਆ। ਹਮਲੇ ਦੇ ਸਮੇਂ ਟਰੱਕ ਇਫਤਾਰ ਲਈ ਨੇੜਲੇ ਪਿੰਡ ਵਿੱਚ ਖਾਣ-ਪੀਣ ਦਾ ਸਾਮਾਨ ਲੈ ਕੇ ਜਾ ਰਿਹਾ ਸੀ। ਫੌਜ ਦੀ ਉੱਤਰੀ ਕਮਾਨ ਦੇ ਕਮਾਂਡਰ ਨੇ ਸ਼ਨੀਵਾਰ ਨੂੰ ਘਟਨਾ ਸਥਾਨ ਦਾ ਦੌਰਾ ਕੀਤਾ ਸੀ। ਉਪੇਂਦਰ ਦਿਵੇਦੀ ਨੇ ਸਰਹੱਦੀ ਖੇਤਰਾਂ ਦੀ ਸੁਰੱਖਿਆ ਅਤੇ ਅੱਤਵਾਦੀਆਂ ਨੂੰ ਖਤਮ ਕਰਨ ਲਈ ਅਪਰੇਸ਼ਨਾਂ ਦੀ ਸਮੀਖਿਆ ਕੀਤੀ।