ਪੰਜਾਬ ‘ਚ ਕੁਝ ਸਮੇਂ ਬਾਅਦ ਹੋਵੇਗਾ ਸਿਆਸੀ ਧਮਾਕਾ, ਕੈਪਟਨ ਅਮਰਿੰਦਰ ਕਰ ਸਕਦੇ ਹਨ ਨਵੀਂ ਪਾਰਟੀ ਦਾ ਐਲਾਨ

0
8631

ਚੰਡੀਗੜ੍ਹ । ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਅੱਜ ਪੰਜਾਬ ਦੀ ਸਿਆਸਤ ਵਿੱਚ ਵੱਡਾ ਧਮਾਕਾ ਕਰਨ ਜਾ ਰਹੇ ਹਨ। ਕੈਪਟਨ ਅੱਜ ਇੱਕ ਪ੍ਰੈੱਸ ਕਾਨਫਰੰਸ ਕਰਨਗੇ, ਜਿਸ ਵਿੱਚ ਉਮੀਦ ਕੀਤੀ ਜਾ ਰਹੀ ਹੈ ਕਿ ਉਹ ਨਵੀਂ ਪਾਰਟੀ ਦਾ ਐਲਾਨ ਕਰ ਸਕਦੇ ਹਨ।

ਕੈਪਟਨ ਵੱਲੋਂ ਨਵੀਂ ਪਾਰਟੀ ਦਾ ਐਲਾਨ ਕਰਨ ਦੀਆਂ ਕਿਆਸਅਰਾਈਆਂ ਬੁੱਧਵਾਰ ਨੂੰ ਉਸ ਸਮੇਂ ਤੇਜ਼ ਹੋ ਗਈਆਂ, ਜਦੋਂ ਉਨ੍ਹਾਂ ਵੱਲੋਂ ਪ੍ਰੈੱਸ ਕਾਨਫਰੰਸ ਬੁਲਾਉਣ ਦਾ ਐਲਾਨ ਕੀਤਾ ਗਿਆ।

ਅਮਰਿੰਦਰ ਸਿੰਘ ਨੇ ਪਿਛਲੇ ਹਫਤੇ ਕਿਹਾ ਸੀ ਕਿ ਉਹ ਜਲਦ ਹੀ ਆਪਣੀ ਨਵੀਂ ਪਾਰਟੀ ਬਣਾਉਣਗੇ ਤੇ ਜੇਕਰ 3 ਖੇਤੀ ਕਾਨੂੰਨਾਂ ਬਾਰੇ ਕਿਸਾਨਾਂ ਦੇ ਹਿੱਤ ਵਿੱਚ ਕੋਈ ਹੱਲ ਨਿਕਲਦਾ ਹੈ ਤਾਂ 2022 ਵਿੱਚ ਬੀਜੇਪੀ ਨਾਲ ਸੀਟ ਸ਼ੇਅਰਿੰਗ ਸੌਦੇ ਦੀ ਉਮੀਦ ਕਰਦੇ ਹਨ।

ਪੰਜਾਬ ‘ਚ ਚੋਣਾਂ ਸਿਰ ‘ਤੇ ਹਨ

ਇਹ ਘਟਨਾਕ੍ਰਮ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਸਾਹਮਣੇ ਆਇਆ ਹੈ। ਪਿਛਲੇ ਮਹੀਨੇ ਸੂਬਾ ਸਰਕਾਰ ਤੋਂ ਵਾਕਆਊਟ ਕਰਨ ਵਾਲੇ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਅਕਾਲੀਆਂ ਤੋਂ ਵੱਖ ਹੋਏ ਗਰੁੱਪਾਂ ਵਰਗੀਆਂ ਸਮਕਾਲੀ ਪਾਰਟੀਆਂ ਨਾਲ ਗਠਜੋੜ ਕਰਨ ਬਾਰੇ ਵੀ ਵਿਚਾਰ ਕਰ ਰਹੇ ਹਨ।

ਉਧਰ, ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਮੰਗਲਵਾਰ ਨੂੰ ਕਿਹਾ ਕਿ ਜੇਕਰ ਅਮਰਿੰਦਰ ਸਿੰਘ ਨਵੀਂ ਸਿਆਸੀ ਪਾਰਟੀ ਬਣਾਉਂਦੇ ਹਨ ਤਾਂ ਇਹ ਉਨ੍ਹਾਂ ਦੀ ‘ਵੱਡੀ ਗਲਤੀ’ ਹੋਵੇਗੀ।

ਰੰਧਾਵਾ ਨੇ ਕਿਹਾ ਕਿ ਜੇਕਰ ਉਨ੍ਹਾਂ ਨੇ ਅਜਿਹਾ ਕੀਤਾ ਤਾਂ ਇਹ ਉਨ੍ਹਾਂ ਦੇ ਮੱਥੇ ‘ਤੇ ਕਲੰਕ ਹੋਵੇਗਾ। ਕਾਂਗਰਸ ਉਨ੍ਹਾਂ ਦਾ ਸਨਮਾਨ ਕਰਦੀ ਸੀ ਤੇ ਉਹ ਪਾਰਟੀ ਵਿੱਚ ਕਈ ਅਹੁਦਿਆਂ ’ਤੇ ਰਹੇ। ਦੱਸ ਦੇਈਏ ਕਿ ਕੈਪਟਨ ਦੀ ਪ੍ਰੈੱਸ ਕਾਨਫਰੰਸ ‘ਤੇ ਵੀ ਕਾਂਗਰਸ ਦੀ ਨਜ਼ਰ ਰਹੇਗੀ।

ਅਰੂਸਾ ਆਲਮ ਨਾਲ ਦੋਸਤੀ

ਰੰਧਾਵਾ ਪਾਕਿਸਤਾਨੀ ਪੱਤਰਕਾਰ ਅਰੂਸਾ ਆਲਮ ਨਾਲ ਦੋਸਤੀ ਲਈ ਅਮਰਿੰਦਰ ਸਿੰਘ ‘ਤੇ ਵੀ ਹਮਲੇ ਕਰ ਰਹੇ ਹਨ। ਉਸ ਨੇ ਇਥੋਂ ਤੱਕ ਕਿਹਾ ਕਿ ਪਾਕਿਸਤਾਨ ਦੀ ਖੁਫੀਆ ਏਜੰਸੀ ਇੰਟਰ-ਸਰਵਿਸ ਇੰਟੈਲੀਜੈਂਸ (ਆਈਐੱਸਆਈ) ਨਾਲ ਅਰੂਸਾ ਦੇ ਸੰਬੰਧਾਂ ਦਾ ਪਤਾ ਲਗਾਉਣ ਲਈ ਜਾਂਚ ਹੋਣੀ ਚਾਹੀਦੀ ਹੈ।

ਪੰਜਾਬ ਕਾਂਗਰਸ ਦੇ ਨੇਤਾ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਵੀ ਨਵੀਂ ਸਿਆਸੀ ਪਾਰਟੀ ਸ਼ੁਰੂ ਕਰਨ ਦੇ ਮੁੱਦੇ ‘ਤੇ ਅਮਰਿੰਦਰ ਸਿੰਘ ‘ਤੇ ਨਿਸ਼ਾਨਾ ਸਾਧਿਆ ਹੈ।

ਉਨ੍ਹਾਂ ਦੋਸ਼ ਲਾਇਆ ਕਿ ਕੈਪਟਨ ਪਿਛਲੇ ਸਾਢੇ 4 ਸਾਲਾਂ ਵਿੱਚ ਆਪਣੇ ਫਾਰਮ ਹਾਊਸ ਤੋਂ ਬਾਹਰ ਨਹੀਂ ਆਏ ਤੇ ਹੁਣ ਨਵੀਂ ਸਿਆਸੀ ਪਾਰਟੀ ਸ਼ੁਰੂ ਕਰਨ ਦੀ ਗੱਲ ਕਰ ਰਹੇ ਹਨ।