ਜਲੰਧਰ ਦੀ ਆਦਮਪੁਰ ਸੀਟ ‘ਤੇ ਸਿਆਸੀ ਡਰਾਮਾ ਖਤਮ, ਮੋਹਿੰਦਰ ਕੇਪੀ ਨੌਮੀਨੇਸ਼ਨ ਭਰਦੇ-ਭਰਦੇ ਵਾਪਸ ਮੁੜੇ, ਸੁਖਵਿੰਦਰ ਕੋਟਲੀ ਹੀ ਹੋਣਗੇ ਕਾਂਗਰਸੀ ਉਮੀਦਵਾਰ

0
871

ਜਲੰਧਰ | ਆਦਮਪੁਰ ਸੀਟ ਉੱਤੇ ਸਵੇਰ ਤੋਂ ਚੱਲਦਾ ਸਿਆਸੀ ਡਰਾਮਾ ਆਖਿਰਕਾਰ ਖਤਮ ਹੋ ਗਿਆ। ਇੱਥੋਂ ਸੁਖਵਿੰਦਰ ਕੋਟਲੀ ਹੀ ਕਾਂਗਰਸ ਦੇ ਉਮੀਦਵਾਰ ਰਹਿਣਗੇ। ਕਾਗਜ਼ ਭਰਨ ਸਾਬਕਾ ਮੰਤਰੀ ਮੋਹਿੰਦਰ ਕੇਪੀ ਵੀ ਪਹੁੰਚੇ ਸਨ ਪਰ ਬਿਨਾ ਨੌਮੀਨੇਸ਼ਨ ਵਾਪਸ ਮੁੜ ਗਏ।

ਜਲੰਧਰ ਜਿਲੇ ਦੀ ਆਦਮਪੁਰ ਸੀਟ ਤੋਂ ਪਾਰਟੀ ਨੇ ਇਸ ਵਾਰ ਨਵੇਂ-ਨਵੇਂ ਕਾਂਗਰਸੀ ਬਣੇ ਸੁਖਵਿੰਦਰ ਕੋਟਲੀ ਨੂੰ ਉਮੀਦਵਾਰ ਬਣਾਇਆ ਸੀ।

ਮੰਗਲਵਾਰ ਸਵੇਰ ਤੋਂ ਹੀ ਇਹ ਚਰਚਾ ਚਲਦੀ ਰਹੀ ਕਿ ਕੋਟਲੀ ਦੀ ਥਾਂ ਮੋਹਿੰਦਰ ਕੇਪੀ ਕਾਗਜ਼ ਭਰਣਗੇ, ਉਹੀ ਆਦਮਪੁਰ ਤੋਂ ਉਮੀਦਵਾਰ ਹੋਣਗੇ।

ਦੁਪਹਿਰ ਕਰੀਬ ਸਵਾ ਤਿੰਨ ਵਜੇ ਸੁਖਵਿੰਦਰ ਕੋਟਲੀ ਕਾਗਜ਼ ਭਰਨ ਆਦਮਪੁਰ ਦਫਤਰ ਪਹੁੰਚੇ ਸਨ। ਇਸ ਵਿਚਾਲੇ ਮੋਹਿੰਦਰ ਕੇਪੀ ਵੀ ਆਪਣੇ ਬੇਟੇ ਦੇ ਨਾਲ ਕਾਗਜ਼ ਭਰਨ ਪਹੁੰਚ ਗਏ। ਮੋਹਿੰਦਰ ਕੇਪੀ ਦੇ ਬੇਟੇ ਨੇ ਗਲੇ ਵਿੱਚ ਕਾਂਗਰਸ ਦਾ ਸਾਫਾ ਪਾਇਆ ਹੋਇਆ ਸੀ। ਇਸ ਤੋਂ ਵੀ ਇਹ ਅੰਦਾਜ਼ਾ ਲਗਾਇਆ ਗਿਆ ਕਿ ਉਹ ਕਾਂਗਰਸ ਵੱਲੋਂ ਪਰਚਾ ਭਰਨ ਆਏ ਹਨ।

ਆਖਿਰਕਾਰ ਸਾਢੇ ਤਿੰਨ ਵਜੇ ਸੁਖਵਿੰਦਰ ਕੋਟਲੀ ਨੇ ਆਦਮਪੁਰ ਤੋਂ ਪਰਚਾ ਪਰ ਦਿੱਤਾ ਅਤੇ ਮੋਹਿੰਦਰ ਕੇਪੀ ਖਾਲੀ ਹੱਥ ਵਾਪਸ ਮੁੜ ਗਏ।

ਬਸਪਾ ਦੇ ਲੀਡਰ ਸੁਖਵਿੰਦਰ ਕੋਟਲੀ ਨੂੰ ਇੱਕ ਮਹੀਨੇ ਪਹਿਲਾਂ ਹੀ ਸੀਐਮ ਚੰਨੀ ਨੇ ਇੱਕ ਰੈਲੀ ਵਿੱਚ ਕਾਂਗਰਸੀ ਬਣਾਇਆ ਸੀ। ਕੋਟਲੀ ਬਸਪਾ ਦੀ ਟਿਕਟ ਤੋਂ ਆਮਦਪੁਰ ਸੀਟ ਤੋਂ ਚੋਣ ਲੜ੍ਹ ਚੁੱਕੇ ਹਨ।

ਸੀਐਮ ਚੰਨੀ ਦੇ ਰਿਸ਼ਤੇਦਾਰ ਮੋਹਿੰਦਰ ਸਿੰਘ ਕੇਪੀ ਸਾਬਕਾ ਕੈਬਿਨੇਟ ਮੰਤਰੀ ਹਨ। 2017 ਵਿੱਚ ਆਦਮਪੁਰ ਸੀਟ ਤੋਂ ਹੀ ਉਮੀਦਵਾਰ ਸਨ ਅਤੇ ਅਕਾਲੀ ਦਲ ਦੇ ਪਵਨ ਟੀਨੂੰ ਤੋਂ ਹਾਰ ਗਏ ਸਨ।

ਚਰਨਜੀਤ ਸਿੰਘ ਚੰਨੀ ਜਦੋਂ ਮੁੱਖ ਮੰਤਰੀ ਬਣੇ ਤਾਂ ਮੋਹਿੰਦਰ ਕੇਪੀ ਨੂੰ ਕੈਬਿਨੇਟ ਦਾ ਰੈਂਕ ਵੀ ਦਿੱਤਾ ਸੀ। ਇਸ ਤੋਂ ਬਾਅਦ ਦੱਸਿਆ ਜਾ ਰਿਹਾ ਸੀ ਕਿ ਉਹੀ ਆਦਮਪੁਰ ਤੋਂ ਇਲੈਕਸ਼ਨ ਲੜ੍ਹ ਸਕਦੇ ਹਨ ਪਰ ਪਾਰਟੀ ਨੇ ਕੋਟਲੀ ਦੇ ਨਾਂ ਦਾ ਐਲਾਨ ਕੀਤਾ ਸੀ।

ਲੋਕਸਭਾ ਚੋਣਾਂ ਵੇਲੇ ਵੀ ਸੁਖਵਿੰਦਰ ਕੋਟਲੀ ਪਾਰਟੀ ਤੋਂ ਨਾਰਾਜ਼ ਹੋ ਗਏ ਸਨ। ਉਨ੍ਹਾਂ ਨੇ ਮੌਜੂਦਾ ਕਾਂਗਰਸੀ ਐਮਪੀ ਸੰਤੋਖ ਚੌਧਰੀ ਦੀ ਥਾਂ ‘ਤੇ ਟਿਕਟ ਮੰਗਿਆ ਸੀ। ਬਾਅਦ ਵਿੱਚ ਉਸ ਵੇਲੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਘਰ ਜਾ ਕੇ ਮਨਾਇਆ ਸੀ।

ਮੋਹਿੰਦਰ ਸਿੰਘ ਕੇਪੀ ਨੇ ਕਿਹਾ ਕਿ ਕਾਂਗਰਸ ਨੇ ਉਨ੍ਹਾਂ ਦੀ ਪਿੱਠ ‘ਚ ਛੂਰਾ ਮਾਰਿਆ ਹੈ। ਉਹ ਆਪਣੇ ਸਮੱਰਥਕਾਂ ਨਾਲ ਗੱਲਬਾਤ ਤੋਂ ਬਾਅਦ ਇਹ ਆਪਣਾ ਅਗਲਾ ਕਦਮ ਦੱਸਣਗੇ।