ਨਸ਼ਿਆਂ ਖਿਲਾਫ ਪੁਲਿਸ ਦਾ ਵੱਡਾ ਐਕਸ਼ਨ ! 2 ਨਸ਼ਾ ਤਸਕਰਾਂ ਦੀ 2.77 ਕਰੋੜ ਦੀ ਜਾਇਦਾਦ ਕੀਤੀ ਜ਼ਬਤ

0
312

ਤਰਨਤਾਰਨ/ਅੰਮ੍ਰਿਤਸਰ , 15 ਨਵੰਬਰ | ਸਰਹੱਦੀ ਜ਼ਿਲਾ ਹੋਣ ਕਾਰਨ ਇੱਥੇ ਚਿੱਟੇ ਦੀ ਤਸਕਰੀ ਸਭ ਤੋਂ ਵੱਧ ਹੋਈ ਹੈ। ਇੱਥੇ ਸਰਹੱਦੀ ਪਿੰਡਾਂ ਨਾਲ ਜੁੜੇ ਕਈ ਤਸਕਰ ਜੇਲਾ ਵਿਚ ਸਜ਼ਾ ਕੱਟ ਰਹੇ ਹਨ ਅਤੇ ਕਈ ਮੁਕੱਦਮਿਆਂ ਦਾ ਸਾਹਮਣਾ ਕਰ ਰਹੇ ਹਨ। ਨੌਜਵਾਨਾਂ ਦੀਆਂ ਨਾੜਾਂ ਵਿਚ ਜ਼ਹਿਰ ਘੋਲਣ ਵਾਲੇ ਇਨ੍ਹਾਂ ਸਮੱਗਲਰਾਂ ਨੇ ਕਾਫੀ ਕਾਲਾ ਧਨ ਕਮਾਇਆ।

ਹੁਣ ਤਰਨਤਾਰਨ ਪੁਲਿਸ ਅਜਿਹੇ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਨੂੰ ਜ਼ਬਤ ਕਰਨ ਦੀ ਕਾਰਵਾਈ ਕਰ ਰਹੀ ਹੈ। ਤਰਨਤਾਰਨ ਪੁਲਿਸ ਨੇ ਦੋ ਨਸ਼ਾ ਤਸਕਰਾਂ ਦੀ 2.77 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕਰ ਲਈ ਹੈ। ਅੰਮ੍ਰਿਤਸਰ ਦੇ ਪਾਸ਼ ਇਲਾਕੇ ਮਾਲ ਰੋਡ ਦੇ ਰਹਿਣ ਵਾਲੇ ਵਿਨੈ ਦੀ 2 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈ। ਇਸ ਦੇ ਨਾਲ ਹੀ ਅੰਮ੍ਰਿਤਸਰ ਦੇ ਪਿੰਡ ਭਾਗੂਪੁਰ ਦੇ ਰਹਿਣ ਵਾਲੇ ਸਮੱਗਲਰ ਜੁਗਰਾਜ ਸਿੰਘ ਦੀ 61 ਲੱਖ ਰੁਪਏ ਤੋਂ ਵੱਧ ਦੀ ਜਾਇਦਾਦ ਤਰਨਤਾਰਨ ਪੁਲਿਸ ਨੇ ਜ਼ਬਤ ਕਰ ਲਈ ਹੈ।

ਐਸਐਸਪੀ ਅਭਿਮਨਿਊ ਰਾਣਾ ਅਨੁਸਾਰ ਦਿੱਲੀ ਸਮਰੱਥ ਅਥਾਰਟੀ ਵੱਲੋਂ ਨਸ਼ਾ ਤਸਕਰ ਵਿਨੈ ਅਗਰਵਾਲ ਦੀ ਜਾਇਦਾਦ ਨੂੰ ਫਰੀਜ਼ ਕਰਨ ਦੇ ਹੁਕਮ ਪ੍ਰਾਪਤ ਹੋਏ ਸਨ, ਜਿਸ ਵਿਚ ਵਿਨੈ ਅਗਰਵਾਲ ਵਾਸੀ ਮਕਾਨ ਨੰਬਰ 8, ਕੰਪਨੀ ਬਾਗ ਦੇ ਸਾਹਮਣੇ, ਮਿਲਾਪ ਐਵੀਨਿਊ, ਮਾਲ ਰੋਡ, ਅੰਮ੍ਰਿਤਸਰ ਦੀ ਜਾਇਦਾਦ ਨੂੰ ਫਰੀਜ਼ ਕਰ ਦਿੱਤਾ ਗਿਆ ਹੈ।

ਉਸ ਵਿਰੁੱਧ 22 ਅਗਸਤ 2023 ਨੂੰ ਸਰਾਏ ਅਮਾਨਤ ਖਾਂ ਥਾਣੇ ਵਿਚ ਐਨਡੀਪੀਐਸ ਐਕਟ ਦੀ ਧਾਰਾ ਤਹਿਤ ਕੇਸ ਦਰਜ ਕੀਤਾ ਗਿਆ ਸੀ। ਉਸ ਸਮੇਂ ਪੁਲਿਸ ਨੇ ਵਿਨੈ ਅਗਰਵਾਲ ਕੋਲੋਂ 2 ਕਿਲੋ ਹੈਰੋਇਨ ਅਤੇ 14 ਲੱਖ 70 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਸੀ। ਇਕ ਰਿਹਾਇਸ਼ੀ ਮਕਾਨ, ਡਰੱਗ ਮਨੀ ਅਤੇ ਦੋ ਵਾਹਨ ਜ਼ਬਤ ਕੀਤੇ ਗਏ ਹਨ, ਜਿਨ੍ਹਾਂ ਦੀ ਕੁੱਲ ਕੀਮਤ 2,16,41,357 ਰੁਪਏ ਬਣਦੀ ਹੈ।

ਐਸਐਸਪੀ ਰਾਣਾ ਨੇ ਦੱਸਿਆ ਕਿ ਇਸੇ ਤਰ੍ਹਾਂ ਇੱਕ ਹੋਰ ਸਮੱਗਲਰ ਗੁਲਜ਼ਾਰ ਸਿੰਘ ਉਰਫ਼ ਜੱਗਾ ਵਾਸੀ ਭਾਗੂਪੁਰ ਉਤਾੜ ਲੋਪੋਕੇ ਜ਼ਿਲਾ ਅੰਮ੍ਰਿਤਸਰ ਦੀ ਜਾਇਦਾਦ ਨੂੰ ਜ਼ਬਤ ਕੀਤਾ ਗਿਆ ਹੈ, ਜਿਨ੍ਹਾਂ ਦੀ ਕੁੱਲ ਜਾਇਦਾਦ ਕਰੀਬ 61 ਲੱਖ 50 ਹਜ਼ਾਰ ਰੁਪਏ ਹੈ। ਐਸਐਸਪੀ ਰਾਣਾ ਨੇ ਦੱਸਿਆ ਕਿ ਅਜਿਹੇ ਨਸ਼ਾ ਤਸਕਰਾਂ ਦੀ ਸੂਚੀ ਤਿਆਰ ਕਰ ਲਈ ਗਈ ਹੈ ਅਤੇ ਉਨ੍ਹਾਂ ਦੀਆਂ ਜਾਇਦਾਦਾਂ ਨੂੰ ਵੀ ਜ਼ਬਤ ਕਰਨ ਦੀ ਕਾਰਵਾਈ ਜਾਰੀ ਹੈ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)