ਅੰਮ੍ਰਿਤਸਰ, 11 ਅਗਸਤ| ਅੰਮ੍ਰਿਤਸਰ ਦੇ ਸ਼ਰੀਫਪੁਰਾ ਇਲਾਕੇ ‘ਚ ਬਿਨਾਂ ਦਸਤਾਵੇਜ਼ਾਂ ਤੋਂ ਚੱਲ ਰਹੇ ਇਕ ਹੋਟਲ ‘ਤੇ ਪੁਲਸ ਨੇ ਛਾਪਾ ਮਾਰਿਆ। ਹੋਟਲ ਸਟਾਫ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ, ਜਦਕਿ ਉਥੇ ਮੌਜੂਦ ਮਹਿਮਾਨਾਂ ਦੇ ਦਸਤਾਵੇਜ਼ ਵੀ ਚੈੱਕ ਕੀਤੇ ਗਏ ਹਨ। ਹੋਟਲ ਦੇ ਆਲੇ-ਦੁਆਲੇ ਦੇ ਲੋਕਾਂ ਨੇ ਦੱਸਿਆ ਕਿ ਹੋਟਲ ‘ਚ ਗੈਰ-ਕਾਨੂੰਨੀ ਗਤੀਵਿਧੀਆਂ ਕੀਤੀਆਂ ਜਾਂਦੀਆਂ ਹਨ।
ਅੰਮ੍ਰਿਤਸਰ ਦੇ ਸ਼ਰੀਫਪੁਰਾ ਗਲੀ ਨੰਬਰ ਦੋ ਵਿੱਚ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਹੋਟਲ ਬਿਨਾਂ ਦਸਤਾਵੇਜ਼ਾਂ ਤੋਂ ਚੱਲ ਰਿਹਾ ਹੈ। ਹੋਟਲ ‘ਚ ਆਉਣ ਵਾਲੇ ਸਾਰੇ ਮਹਿਮਾਨਾਂ ਤੋਂ ਆਈਡੀ ਪਰੂਫ ਆਦਿ ਨਹੀਂ ਲਏ ਜਾਂਦੇ, ਜਿਸ ਤੋਂ ਬਾਅਦ ਹੋਟਲ ‘ਤੇ ਛਾਪਾ ਮਾਰਿਆ ਗਿਆ ਅਤੇ ਉਥੇ ਮੌਜੂਦ ਲੋਕਾਂ ਨੂੰ ਹਿਰਾਸਤ ‘ਚ ਲੈ ਲਿਆ ਗਿਆ।
ਥਾਣਾ ਡਵੀਜ਼ਨ ਦੇ ਪੁਲੀਸ ਅਧਿਕਾਰੀ ਅਨੁਸਾਰ ਉਨ੍ਹਾਂ ਨੂੰ ਸੀਨੀਅਰ ਪੁਲੀਸ ਅਧਿਕਾਰੀਆਂ ਤੋਂ ਹਦਾਇਤਾਂ ਮਿਲੀਆਂ ਸਨ ਕਿ 15 ਅਗਸਤ ਦੇ ਮੱਦੇਨਜ਼ਰ ਸਾਰੇ ਹੋਟਲਾਂ ਦੀ ਚੈਕਿੰਗ ਕੀਤੀ ਜਾਵੇ ਅਤੇ ਜਿਹੜੇ ਹੋਟਲ ਬਿਨਾਂ ਦਸਤਾਵੇਜ਼ਾਂ ਤੋਂ ਚੱਲ ਰਹੇ ਹਨ, ਉਨ੍ਹਾਂ ਨੂੰ ਬੰਦ ਕਰ ਦਿੱਤਾ ਜਾਵੇ। ਜਿਸ ਤੋਂ ਬਾਅਦ ਗੁਪਤ ਸੂਚਨਾ ਦੇ ਆਧਾਰ ‘ਤੇ ਬੱਸ ਸਟੈਂਡ ਨੇੜੇ ਸ਼ਰੀਫਪੁਰਾ ਇਲਾਕੇ ‘ਚ ਇਕ ਹੋਟਲ ‘ਤੇ ਕਾਰਵਾਈ ਕੀਤੀ ਗਈ। ਜਿੱਥੇ ਕੋਈ ਦਸਤਾਵੇਜ਼ ਨਹੀਂ ਸਨ।
ਹੋਟਲ ਵਿੱਚ ਦੋ ਤੋਂ ਤਿੰਨ ਕਮਰਿਆਂ ਵਿੱਚ ਮਹਿਮਾਨ ਠਹਿਰੇ ਹੋਏ ਸਨ, ਜਿਨ੍ਹਾਂ ਦੇ ਦਸਤਾਵੇਜ਼ ਵੀ ਨਹੀਂ ਲਏ ਗਏ। ਜਿਸ ਤੋਂ ਬਾਅਦ ਹੋਟਲ ਮਾਲਕ ਵਿਨੋਦ ਕੁਮਾਰ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਹੋਟਲ ਨੂੰ ਸੀਲ ਕਰ ਦਿੱਤਾ ਗਿਆ ਹੈ।