ਪੁਲਿਸ ਮੁਲਾਜ਼ਮ ਨੂੰਹ ਨੇ ਮਾਮੂਲੀ ਗੱਲ ਨੂੰ ਲੈ ਕੇ ਸੱਸ ਨਾਲ ਕੀਤੀ ਕੁੱਟਮਾਰ, ਤੋੜੀਆਂ ਉਂਗਲਾਂ

0
462

ਤਰਨਤਾਰਨ| ਪਿੰਡ ਵਾਡ਼ਾ ਤੇਲੀਆਂ ਵਿਖੇ ਇਕ ਪੁਲਿਸ ਮੁਲਾਜ਼ਮ ਨੂੰਹ ਵੱਲੋਂ ਮਾਮੂਲੀ ਗੱਲ ਨੂੰ ਲੈ ਕੇ ਆਪਣੀ ਸੱਸ ਦੀ ਬੇਰਹਿਮੀ ਨਾਲ ਕੁੱਟਮਾਰ ਕਰ ਕੇ ਉਸ ਦੀਆਂ ਉਂਗਲਾਂ ਤੋੜ ਦਿੱਤੀਆਂ ਗਈਆਂ ਅਤੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਬਜ਼ੁਰਗ ਔਰਤ ਕੁਲਵਿੰਦਰ ਕੌਰ ਨੇ ਦੱਸਿਆ ਕਿ ਉਸ ਦੀ ਨੂੰਹ ਬਲਜੀਤ ਕੌਰ ਜੋ ਕਿ ਪੱਟੀ ਵਿਖੇ ਪੁਲਿਸ ਮੁਲਾਜ਼ਮ ਤਾਇਨਾਤ ਹੈ ਅਤੇ ਉਸ ਵੱਲੋਂ ਮਾਮੂਲੀ ਗੱਲ ਨੂੰ ਲੈ ਕੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਅਤੇ ਉਸ ਦੀਆਂ ਉਂਗਲਾਂ ਤੋੜ ਦਿੱਤੀਆਂ ਗਈਆਂ। ਪੀੜਤ ਬਜ਼ੁਰਗ ਔਰਤ ਨੇ ਦੱਸਿਆ ਕਿ ਉਹ ਸਵੇਰ ਵੇਲੇ ਆਪਣੇ ਪੋਤਰੇ ਨਾਲ ਖੇਡ ਰਹੀ ਸੀ ਤਾਂ ਇੰਨੇ ਨੂੰ ਬਲਜੀਤ ਕੌਰ ਉੱਥੇ ਆਈ ਅਤੇ ਕਹਿਣ ਲੱਗੀ ਕਿ ਮੈਂ ਆਪਣੇ ਲੜਕੇ ਨੂੰ ਡਿਊਟੀ ‘ਤੇ ਨਾਲ ਲੈ ਕੇ ਜਾਣਾ ਹੈ। ਬਜ਼ੁਰਗ ਔਰਤ ਨੇ ਦੱਸਿਆ ਕਿ ਮੈਂ ਸਿਰਫ਼ ਆਪਣੀ ਨੂੰਹ ਨੂੰ ਇੰਨਾ ਹੀ ਕਿਹਾ ਕਿ ਅੱਜ ਦੀਵਾਲੀ ਹੈ, ਇਸ ਨੂੰ ਇੱਥੇ ਹੀ ਰਹਿਣ ਦੇ ਅਸੀਂ ਮੱਥਾ ਟੇਕ ਆਵਾਂਗੇ ਅਤੇ ਇਸੇ ਗੱਲ ਨੂੰ ਲੈ ਕੇ ਬਲਜੀਤ ਕੌਰ ਤੈਸ਼ ਵਿੱਚ ਆ ਗਈ ਅਤੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਉਸ ਨੇ ਝੂਠੀ ਕਹਾਣੀ ਬਣਾ ਕੇ ਇੱਕ ਸੌ ਬਾਰਾਂ ‘ਤੇ ਫੋਨ ਕਰ ਦਿੱਤਾ ਕਿ ਮੇਰੀ ਕੁੱਟਮਾਰ ਕਰ ਰਹੇ ਹਨ, ਜਿਸ ਤੋਂ ਬਾਅਦ ਪੁਲਸ ਚੌਕੀ ਘਰਿਆਲਾ ਦੇ ਇੰਚਾਰਜ ਮੌਕੇ ‘ਤੇ ਪਹੁੰਚੇ ਅਤੇ ਸਾਰਾ ਮੌਕਾ ਵੇਖਿਆ, ਜਿਸ ਤੋਂ ਬਾਅਦ ਮੇਰੇ ਪਰਿਵਾਰ ਨੇ ਮੈਨੂੰ ਸਿਵਲ ਹਸਪਤਾਲ ਘਰਿਆਲਾ ਵਿਖੇ ਦਾਖਲ ਕਰਵਾਇਆ ਹੈ।

ਉਧਰ ਪੁਲਸ ਮੁਲਾਜ਼ਮ ਬਲਜੀਤ ਕੌਰ ਦੇ ਪਤੀ ਮਨਜਿੰਦਰ ਸਿੰਘ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਸ ਦੀ ਘਰਵਾਲੀ ਬਲਜੀਤ ਕੌਰ ਵੱਲੋਂ ਉਸ ਨੂੰ ਲਗਾਤਾਰ ਟਾਰਚਰ ਕੀਤਾ ਜਾ ਰਿਹਾ ਹੈ ਅਤੇ ਉਸ ਨੇ ਸਾਰੇ ਪਰਿਵਾਰ ‘ਤੇ ਝੂਠਾ ਪਰਚਾ ਕਰਵਾਉਂਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਜੇ ਪੁਲਸ ਪ੍ਰਸ਼ਾਸਨ ਨੇ ਸਾਡੇ ‘ਤੇ ਗਲਤ ਕੋਈ ਕਾਰਵਾਈ ਕੀਤੀ ਤਾਂ ਅਸੀਂ ਸਾਰਾ ਪਰਿਵਾਰ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਵਾਂਗੇ, ਜਿਸ ਦੀ ਜ਼ਿੰਮੇਵਾਰ ਬਲਜੀਤ ਕੌਰ ਅਤੇ ਪੁਲਸ ਪ੍ਰਸ਼ਾਸਨ ਹੋਵੇ।

ਇਸ ਸਬੰਧੀ ਪੁਲਸ ਮੁਲਾਜ਼ਮ ਬਲਜੀਤ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਬਲਜੀਤ ਕੌਰ ਨੇ ਉਲਟਾ ਆਪਣੇ ਸਹੁਰੇ ਪਰਿਵਾਰ ‘ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਸ ਦੇ ਸਹੁਰੇ ਪਰਿਵਾਰ ਨੇ ਉਸ ਦੀ ਪਹਿਲਾਂ ਘਰ ਵਿੱਚ ਕੁੱਟਮਾਰ ਕੀਤੀ ਅਤੇ ਬਾਅਦ ਵਿੱਚ ਰਸਤਾ ਰੋਕ ਕੇ ਬੇਰਹਿਮੀ ਨਾਲ ਤੇਜ਼ਧਾਰ ਹਥਿਆਰਾਂ ਨਾਲ ਕੁੱਟ ਮਾਰ ਕੀਤੀ ਹੈ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋਈ ਹੈ ਜਿਸ ਦੀ ਇਤਲਾਹ ਉਸ ਵੱਲੋਂ ਥਾਣਾ ਵਲਟੋਹਾ ਅਤੇ ਥਾਣਾ ਸਦਰ ਪੱਟੀ ਵਿਖੇ ਦਿੱਤੀ ਗਈ ਹੈ।

ਇਸ ਮਾਮਲੇ ਦਾ ਜਦ ਪਿੰਡ ਵਾਡ਼ਾ ਤੇਲੀਆਂ ਦੇ ਮੋਹਤਬਰਾਂ ਨੂੰ ਪਤਾ ਲੱਗਾ ਕਿ ਪੁਲਿਸ ਮੁਲਾਜ਼ਮ ਬਲਜੀਤ ਕੌਰ ਵੱਲੋਂ ਆਪਣੇ ਸਹੁਰੇ ਪਰਿਵਾਰ ਨੂੰ ਝੂਠੇ ਕੇਸ ਵਿੱਚ ਫਸਾਇਆ ਜਾ ਰਿਹਾ ਹੈ ਤਾਂ ਉਨ੍ਹਾਂ ਨੇ ਕੈਮਰੇ ਦੇ ਸਾਹਮਣੇ ਆ ਕੇ ਸਾਰੀ ਸੱਚਾਈ ਬਿਆਨ ਕੀਤੀ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਵਾਡ਼ਾ ਤੇਲੀਆਂ ਦੇ ਹਲਕਾ ਖੇਮਕਰਨ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਸਰਪੰਚ ਅਤੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਸੁਖਵਿੰਦਰ ਸਿੰਘ ਸੁੱਖ ਵਾਡ਼ਾਤੇਲੀਆਂ ਅਤੇ ਕਿਹਾ ਕਿ ਪੁਲਿਸ ਮੁਲਾਜ਼ਮ ਬਲਜੀਤ ਕੌਰ ਵਲੋਂ ਲਗਾਤਾਰ ਆਪਣੇ ਸਹੁਰੇ ਪਰਿਵਾਰ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਝੂਠਾ ਪਰਚਾ ਕਰਵਾਉਣ ਦੀਆਂ ਲਗਾਤਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਪਿੰਡ ਵਾਸੀਆਂ ਨੇ ਦੱਸਿਆ ਕਿ ਬਲਜੀਤ ਕੌਰ ਨਾਲ ਕੋਈ ਵੀ ਕਿਸੇ ਨੇ ਕੁੱਟਮਾਰ ਨਹੀਂ ਕੀਤੀ ਉਸ ਨੇ ਆਪਣੇ ਕੋਲੋਂ ਇੱਕ ਮਨਘੜਤ ਕਹਾਣੀ ਬਣਾ ਕੇ ਪੱਟੀ ਹਸਪਤਾਲ ਵਿੱਚ ਦਾਖਲ ਹੋਈ ਹੈ ਪਿੰਡ ਵਾਸੀਆਂ ਅਤੇ ਪੀੜਤ ਬਜ਼ੁਰਗ ਅਤੇ ਉਸ ਦੇ ਪਰਿਵਾਰ ਨੇ ਜ਼ਿਲਾ ਤਰਨਤਾਰਨ ਦੇ ਐੱਸਐੱਸਪੀ ਅਤੇ ਮਹਿਲਾ ਕਮਿਸ਼ਨ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ ਅਤੇ ਇਸ ਪੁਲਸ ਮੁਲਾਜ਼ਮ ਬਲਜੀਤ ਕੌਰ ‘ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਇਨਸਾਫ ਦਿਵਾਇਆ ਜਾਵੇ

ਉਧਰ ਜਦ ਇਸ ਸਬੰਧੀ ਪੁਲਸ ਚੌਕੀ ਅਲਗੋਂ ਕੋਠੀ ਦੇ ਇੰਚਾਰਜ ਅਤੇ ਇਸ ਮਾਮਲੇ ਦੀ ਤਫਤੀਸ਼ ਕਰ ਰਹੇ ਸਬ ਇੰਸਪੈਕਟਰ ਚਰਨ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਦਿੱਤਾ ਗਿਆ ਹੈ ਅਤੇ ਇਸ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਇਨ੍ਹਾਂ ਦੋਨਾਂ ਵਿਚੋਂ ਦੋਸ਼ੀ ਪਾਇਆ ਗਿਆ ਉਨ੍ਹਾਂ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ