ਪੁਲਿਸ ਬਣੀ ਮੂਕ ਦਰਸ਼ਕ, ਲੁਧਿਆਣਾ ‘ਚ ਵਾਪਰੀਆਂ 30 ਵਾਰਦਾਤਾਂ, 16 ਵਾਹਨ ਹੋਏ ਚੋਰੀ

0
1750

ਲੁਧਿਆਣਾ | ਲੁਧਿਆਣਾ ਦੇ ਨਵ-ਨਿਯੁਕਤ ਪੁਲਿਸ ਕਮਿਸ਼ਨਰ ਨੌਨਿਹਾਲ ਸਿੰਘ ਨੇ 21 ਅਗਸਤ ਨੂੰ ਆਪਣਾ ਅਹੁਦਾ ਸੰਭਾਲਦਿਆਂ ਸ਼ਹਿਰ ‘ਚ ਕ੍ਰਾਈਮ ਘੱਟ ਕਰਨ ਲਈ ਪੁਲਿਸ ਮੁਲਾਜ਼ਮਾਂ ਦੇ ਸੀਨੀਅਰ ਅਫ਼ਸਰਾਂ ਨੂੰ ਐਕਟਿਵ ਕਰਨ ਲਈ ਹਾਈ ਅਲਰਟ ਸ਼ੁਰੂ ਕਰ ਦਿੱਤਾ ਹੈ।

ਸੀਪੀ ਵੱਲੋਂ ਮੌਕ ਡਰਿਲ ਕਰਕੇ ਚੋਰੀ ਦੀਆਂ ਵਾਰਦਾਤਾਂ ਤੇ ਕ੍ਰਾਈਮ ਉਤੇ ਕਾਬੂ ਪਾਉਣ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਪੁਲਿਸ ਅਫਸਰਾਂ ਨੂੰ ਬਾਰੀਕੀਆਂ ਸਮਝਾਉਣੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ।

ਵੱਖ-ਵੱਖ ਇਲਾਕਿਆਂ ‘ਚ ਫਲੈਗ ਮਾਰਚ ਕੱਢੇ ਜਾ ਰਹੇ ਹਨ। ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ ‘ਤੇ ਵੀ ਟੀਮਾਂ ਬਣਾ ਕੇ ਚੈਕਿੰਗ ਕੀਤੀ ਜਾ ਰਹੀ ਹੈ। ਇੰਨਾ ਹੀ ਨਹੀਂ, ਸੀਪੀ ਆਪ ਵੱਡੇ ਤੇ ਛੋਟੇ ਲੈਵਲ ਦੇ ਅਫ਼ਸਰਾਂ, ਮੁਲਾਜ਼ਮਾਂ ਨਾਲ ਮੀਟਿੰਗਾਂ ਕਰਕੇ ਹਦਾਇਤਾਂ ਜਾਰੀ ਕਰ ਰਹੇ ਹਨ ਪਰ ਇਸ ਨਾਲ ਕੋਈ ਫਰਕ ਨਹੀਂ ਪੈ ਰਿਹਾ।

ਸੀਪੀ ਤੇ ਉਨ੍ਹਾਂ ਦੇ ਮੁਲਾਜ਼ਮਾਂ ਦੀ ਇੰਨੀ ਸਖਤੀ ਦੇ ਹੁੰਦਿਆਂ ਵੀ ਸ਼ਹਿਰ ‘ਚ ਚੋਰੀ ਦੀਆਂ ਵਾਰਦਾਤਾਂ ਤੇ ਪੁਲਿਸ ਨਾਲ ਕੁੱਟਮਾਰ ਹੋ ਰਹੀ ਹੈ।

ਪੁਲਿਸ ਅਲਰਟ ਦੇ ਵਿਚਕਾਰ ਵੀ ਪਿਛਲੇ ਕਈ ਦਿਨਾਂ ‘ਚ 30 ਵਾਰਦਾਤਾਂ ਹੋ ਚੁੱਕੀਆਂ ਹਨ। ਇਨ੍ਹਾਂ ਵਿੱਚ ਇਕ ਕਾਰ, 12 ਮੋਟਰਸਾਈਕਲ, 4 ਐਕਟਿਵਾ, 9 ਸਨੈਚਿੰਗ (ਮੋਬਾਇਲ,ਚੇਨ, ਵਾਲੀਆਂ) ਤੇ ਇਕ ਟਾਟਾ 407 ਚੋਰੀ ਹੋਣ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਇਹ ਅੰਕੜਾ ਪੁਲਿਸ ਵਿਭਾਗ ਦਾ ਹੀ ਹੈ।

ਹੈਰਾਨੀ ਦੀ ਗੱਲ ਇਹ ਹੈ ਕਿ ਪੁਲਿਸ ਮੁਲਾਜ਼ਮ ਜਿਸ ਇਲਾਕੇ ਵਿੱਚ ਫਲੈਗ ਮਾਰਚ ਕਰ ਰਹੇ ਹਨ, ਉਥੇ ਹੀ ਬਦਮਾਸ਼ਾਂ ਵੱਲੋਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ।