ਉਹ, ਜੋ ਅੱਖ ਨਾਲ ਅੱਗ ਚੁਗਦੈ!
ਯਾਰ ਇਹ ਬੰਦਾ ਕਵਿਤਾ ਨਹੀਂ ਲਿਖਦਾ, ਰੋਂਦਾ ਐ। ਖਾਰਾ ਅੱਥਰ ਇਹਦੀ ਅੱਖ ਦੇ ਅੰਦਰ ਡਿਗੱਦੈ। ਇਹਦੀ ਕਵਿਤਾ ਦੇ ਪੋਟਿਆਂ ‘ਚ ਪੁੜਿਆ ਕਸੀਰ ਹਰ ਵਕਤ ਟੱਸ-ਟੱਸ ਕਰਦੈ। ਕਿਸੇ ‘ਦ੍ਰਿਸ਼ ਸਕੇਪ’ ਨੂੰ ਵੇਖ ਇਹਦੇ ਮਨ ‘ਚ ਜੋ ਕਲਪਨਾ ਪੈਦਾ ਹੁੰਦੀ ਹੈ, ਜਿਵੇਂ ਕਿਸੇ ਦੇ ਦਰਦ ‘ਚ ਪਰੁੰਨਿਆ ਜਾਂਦੈ, ਅਕਹਿ ਹੈ। ਹੋਣੀ ਨੇ ਬੱਚਾ ਨਹੀਂ ਜਾਲ ਜੰਮਿਆ ਹੈ। ਓਏ ਹੋਏ! ਇੰਝ ਸੋਚਦੇ ਨੇ ਕਵੀ। ਇਸ ਧਰਾਤਲ ‘ਤੇ ਵਿਚਰ ਰਹੇ ਹੁੰਦੇ ਨੇ। ਧਰਤੀ ਤੋਂ ਕਈ ਜੋਜਨ ਉੱਚੇ। ਕਾਈ ਜਿਹੀ ਮੁਲਾਇਮ ਮਾਛਣ ਦੀ ਅੱਖ ਦੇ ਕਸੀਰ ਦੀ ਰੜਕ ਮਨਮੋਹਨ ਦੇ ਪੈ ਰਹੀ ਹੈ। ਉਹਨਾਂ ਦੀ ਨਜ਼ਮ ਦੇ ਦੋ ‘ਦ੍ਰਿਸ਼ ਸਕੇਪ’ ਦੋਖੇ – ਦੇਸ ਰਾਜ ਕਾਲੀ

1.
ਸਮੁੰਦਰ ਕਿਨਾਰੇ ਰੇਤ ‘ਤੇ
ਮਾਛੀ ਬੁਣ ਰਿਹਾ ਜਾਲ਼
ਬਾਤਾਂ ਪਾਉਣ ਦੁੱਖਾਂ ਦੀਆਂ ਗਮਾਂ ਦੀ ਅੱਗ ਨਾਲ
ਲਾਗਿਓਂ ਲੰਘੀ ਮਾਛਣ
ਤੁਰਦੀ ਮਟਕ ਚਾਲ
ਡਾਢੀ ਅੰਦਰੋਂ ਖੁਸ਼
ਪਿਛਲੇ ਦਿਨੀਂ ਜੰਮਿਆ ਜੁ ਉਸ ਬਾਲ

ਮਾਛੀ ਸੋਚਣ ਇਹ ਨਿਰਾ ਭਰਮ
ਬਾਲ ਨਹੀਂ..
ਮਾਛਣ ਜੰਮਿਆ ਦਰਅਸਲ ਜਾਲ..!
2.
ਅੱਖਾਂ ਕਾਮਨਾ ਵੱਸ
ਉਨੀਂਦਰੇ ਹੰਝੂ ਵਹਾਉਂਦੀਆਂ
ਜਿਵੇਂ ਪਾਣੀ ਦੀ ਭੂਰ ‘ਚ
ਧੁੰਦਲੀ ਦਿਸੇ ਨੀਲੀ ਹਰੀ ਝੀਲ
ਨਹੀਂ ਬਣੀ ਉਹ
ਝੇਲਣ ਲਈ ਦੁਨੀਆ ਭਰ ਦੇ ਦੁੱਖ
ਕਾਈ ਜਿਹੀ ਮੁਲਾਇਮ.. ਮਾਛਣ..!