ਰੱਖੜੀ ਬਨਾਮ ਰੱਖਿਆ ?

0
7557

– ਰੋਮੀ ਘੜਾਮੇਂ ਵਾਲ਼ਾ

ਉੱਠਿਆ ਦਰਦ ਬਹੁਤ ਲੱਗੀ ਹੋਈ ਤੋੜ ਜੀ।
ਰੋਮੀ ਨੂੰ ਹੈ ਕਿਉਂਕਿ ਬਹੁਤੀ ਪੀਣ ਵਾਲ਼ਾ ਕੋਹੜ।

ਲੱਭ ਜਾਵੇ ਨੋਟ ਕੋਈ ਜੇਬਾਂ ਹੈ ਫ਼ਰੋਲਦਾ।
ਪਰ ਖਾਲੀ ਵੇਖ ਜਿਵੇਂ ਖੂਨ ਪਿਆ ਖੋਲਦਾ।

ਲਾ ਰਿਹਾ ਸਕੀਮਾਂ ਕਿਤੋਂ ਮੰਗੀਏ ਉਧਾਰ ਜੀ।
ਜਾਣਦਾ ਹੈ ਪਰ ਹੋਣਾ ਕਿਸੇ ਨਾ ਤਿਆਰ ਜੀ।

ਤੱਕਦਾ ਚੁਫ਼ੇਰੇ ਕੋਈ ਭਾਈ, ਭਾਬੀ ਆ ਜਾਵੇ।
ਬਹੁਤਾ ਨਹੀਂ ਤਾਂ ਬੱਸ ਇੱਕ ਪਊਆ ਮੰਗਵਾ ਦਵੇ।

ਟੁੱਟਿਆ ਪਿਆ ਏ ‘ਕੱਲਾ ਪੁੱਛੇ ਕੋਈ ਹਾਲ ਨਾ।
ਦਿੱਸਦਾ ਘੜਾਮੇਂ ਅੱਜ ਕੋਈ ਭਾਈਵਾਲ ਨਾ।

ਹੁੰਦੀ ਘਬਰ੍ਹਾਟ ਵਧ ਰਹੀ ਧੜਕਨ ਹੈ।
ਪੱਟਾਂ, ਡੋਲਿ਼ਆਂ ਦੇ ਵਿੱਚ ਆਈ ਜਕੜਨ ਹੈ।

ਸੁੱਕਿਆ ਏ ਸੰਘ ਡਾਹਢੀ ਲੱਗੀ ਹੋਈ ਪਿਆਸ ਹੈ।
ਪਰ ਉੱਠ ਕੇ ਨਾ ਜਾਂਦਾ ਚੁੱਕਿਆ ਗਿਲਾਸ ਹੈ।

ਆਈ ਹੈ ਆਵਾਜ਼ ਕਿਸੇ ਗੇਟ ਖੜਕਾਏ ਨੇ।
ਵੇਖੇ ਛੋਟੀ ਭੈਣ ਤੇ ਪ੍ਰਾਹੁਣਾ ਦੋਵੇਂ ਆਏ ਨੇ।

ਬੈਠ ਕੇ ਸਿਰ੍ਹਾਣੇ, ਦੇ ਕੇ ਗਿੱਚੀ ਨੂੰ ਸਹਾਰਾ,
ਫੇਰ ਭੈਣ ਨੇ ਪਿਲਾਇਆ ਅੰਤ ਪਾਣੀ।
ਗਰੰਟੀ ਲੈਣ ਰੱਖਿਆ ਦੀ,
ਆਈ ਰੱਖੜੀ ਬੰਨ੍ਹਣ ਮਰਜਾਣੀ।
ਗਰੰਟੀ ਲੈਣ………

(ਰੋਮੀ ਘੜਾਂਮੇ ਵਾਲੇ ਨਾਲ ਇਸ 98552-81105 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।)