ਕਵਿਤਾ – ਕਦੇ-ਕਦੇ

0
3921

-ਪਵਿੱਤਰ ਕੌਰ ਮਾਟੀ

ਥੱਕ ਜਾਂਦੀ ਹਾਂ ਅੱਕ ਜਾਂਦੀ ਹਾਂ ਮੈਂ
ਕਦੇ ਕਦੇ ਕੁਝ ਇਸ ਤਰਾ ।
ਉਲਝ ਜਿਹੀ ਜਾਂਦੀ ਹਾਂ ਆਪਣੇ ਹੀ
ਨਾਜੁਕ ਬੁਣੇ ਰੇਸ਼ਮੀ ਤੰਦਾ ਜਿਹੇ
ਰਿਸ਼ਤਿਆ ਦੀ ਬੁਣਤੀ ਵਿੱਚ ।
ਕਿਉਂ ਲੱਗਦਾ ਹੈ ਕਦੇ ਕਦੇ ?
ਕਿ ਇਹ ਮੇਰਾ ਘਰ ਨਹੀਂ ਕੈਦਖਾਨਾ ਹੈ ਕੋਈ
ਟੱਪ ਜਾਵਾਂ ਇਸ ਕੈਦਖਾਨੇ ਤੇ ਰਿਸ਼ਤਿਆ
ਦੇ ਉੱਚੇ ਉੱਚੇ ਵਲਗਣਾ ਨੂੰ

ਜੀਅ ਕਰਦਾ ਹੈ ਜੀਅ ਭਰਕੇ ਜੀਅ ਲਵਾਂ
ਕੋਈ ਪਲ ਆਪਣੇ ਲਈ ਵੀ
ਥੱਕ ਜਾਦੀਂ ਹਾਂ ਅੱਕ ਜਾਂਦੀ ਹਾਂ ਮੈਂ
ਕਦੇ ਕਦੇ ਕੁਝ ਇਸ ਤਰਾਂ
ਜਦੋ ਹਰ ਰਿਸ਼ਤੇ ਲਈ ਆਪਾ ਕੁਰਬਾਨ ਕਰਕੇ ਵੀ
ਹਰ ਖੁਸ਼ੀ ਉਨਾ ਦੇ ਨਾਮ ਕਰਕੇ ਵੀ
ਖਰਾ ਨਹੀਂ ਉਤਰਦੀ ਉਨਾ ਦੀਆ
ਖੁਹਾਇਸ਼ਾ ਤੇ ਉਮੀਦਾ ਤੇ
ਫਿਰ ਤਿੜਕਦਾ ਹੈ ਕੁਝ ਅੰਦਰੋ
ਤੇ ਜਾਪਦਾ ਹੈ ਇੰਝ
ਕਿ ਮਹਿਜ ਮੈ ਤਾਂ ਸਭ ਦੀ ਇੱਕ ਜਰੂਰਤ ਹੀ ਹਾਂ
ਕਦੇ ਕਦੇ ਜੀਅ ਕਰਦਾ ਹੈ
ਕਰ ਲਵਾਂ ਰਹਿ ਗਏ ਅਧੂਰੇ ਰੰਗਲੇ ਸੁਪਨੇ ਪੂਰੇ
ਉੱਡ ਜਾਵਾਂ ਕਿਸੇ ਕਦਰਦਾਨਾ ਦੇ ਦੇਸ਼
ਜਾਂ ਫਿਰ ਜਿੱਥੇ ਮੇਰੀ ਚੜਦੀ ਜਵਾਨੀ ਦੇ
ਸੁਪਨ ਸੰਸਾਰ ‘ਚ ਮੁਹੱਬਤ ਨਾਲ ਗੜੁੱਚ
ਕੋਈ ਮੇਰੀ ਦੀਦ ‘ਚ ਬਾਵਰਾ ਹੋਇਆ
ਸ਼ਾਇਦ
ਅੱਜ ਵੀ ਮੈਨੂੰ ਉਡੀਕਦਾ ਹੋਵੇ
ਕਦੇ ਕਦੇ
ਇਹੋ ਜਿਹੇ ਅੰਦਰੋ ਉਠਦੇ ਬਵਾਲ
ਮੈਨੂੰ ਸੈਂਕੜੇ ਕਰਦੇ ਨੇ ਸਵਾਲ
ਪਰ ਮੈਂ ਇਹ ਸਵਾਲ
ਦੱਬ ਕੇ ਦਫਨ ਕਰ ਦਿੰਦੀ ਹਾਂ
ਦਿਲ ਦੇ ਕਿਸੇ ਖੂੰਜੇ ‘ਚ ਹੀ
ਨਹੀਂ ਪਹੁੰਚਣ ਦਿੰਦੀ ਕੰਨਾ ਤੱਕ ਇਹਨਾਂ
ਦੀ ਅਵਾਜ਼
ਇਹੋ ਜਿਹੀ ਬਾਗੀ ਸੋਚ ਨੂੰ ਮਾਰ ਦਿੰਦੀ ਹਾਂ
ਜਿੰਦਰੇ ਤੇ
ਟੰਗ ਦਿੰਦੀ ਹਾਂ ਚਾਬੀਆ
ਰਿਸ਼ਤਿਆ ਦੀਆਂ ਖੂੰਟੀਆ ਤੇ
ਕਿਉਂਕਿ
ਮੈਂ ਤਾਂ ਸਿਰਫ ਇਕ ਮਾਂ ਹਾਂ ਪਤਨੀ ਹਾਂ
ਤੇ ਆਪਣੇ ਘਰ ਦੀ ਨੀਂਹ ਹਾਂ
ਇਹੋ ਮੇਰਾ ਵਜੂਦ ਹੈ ਇਹੋ ਮੇਰੀ ਪਹਿਚਾਣ