ਕਵਿਤਾ – ਮਰਜ਼ੀ

0
8077

-ਅਰਸ਼ ਬਿੰਦੂ

ਮੇਰੀ ਬੱਚੀ ਵੱਡੀ ਹੋ ਗਈ ਹੈ
ਸਮਝਣ ਲੱਗ ਪਈ ਹੈ
ਸਭ ਚੰਗਾ ਬੁਰਾ ।
ਮਰਜ਼ੀ ਦੇ ਕੱਪੜੇ ਪਉਂਦੀ
ਮਰਜ਼ੀ ਨਾਲ ਜਿਉਂਦੀ

ਪਰ ਰੁੱਸੀ ਰਹਿੰਦੀ ਨਾਲ ਮੇਰੇ।
ਦਰਅਸਲ!
ਉਸ ਨੂੰ ਅਜ਼ਾਦੀ ਤਾਂ ਚਾਹੀਦੀ
ਪਰ ਸਿਰਫ਼ ਆਪਣੇ ਲਈ।
ਉਸ ਕੋਂਲ ਸੁਆਲ ਤਾਂ ਹਨ
ਪਰ ਆਪਣੀ ਮਰਜ਼ੀ ਦੇ।

ਮੇਰੇ ਸੁਆਲ
ਉਸ ਲਈ ਗੁਜ਼ਰੇ ਜ਼ਮਾਨੇ ਦੀਆਂ ਛੱਲਾਂ

ਮੇਰੀ ਇੱਛਾਵਾਂ
ਕਿਸੇ ਘਰ ਦੀ ਚੀਜ਼ ਦੇ ਮਾਡਲ ਵਾਂਗ
ਘਿਸੀਆਂ ਪਿਟੀਆਂ ਪੁਰਾਣੇ ਜ਼ਮਾਨੇ ਦੀਆਂ ਗੱਲਾਂ।

ਉਹ ਮੇਰੀ ਕੁੱਖ ‘ਚੋ ਨਹੀ ਜਨਮੀਂ
ਏਸ ਲਈ ਉਸ ਨੂੰ ਮੇਰੀ “ਉਮਰ’ ਤੇ ਵੀ
ਇਤਰਾਜ਼ ਹੈ।
ਮੇਰੇ ਸ਼ੋਖ਼ ਰੰਗਾਂ ਨੂੰ ਦੇਖਦੀ ਸੋਚਦੀ
ਕਿ “ਹੁਣ ਬੁੱਢੇ ਹੋ ਜਾਣਾ ਚਾਹੀਦਾ ਮੈਨੂੰ’।

ਮੇਰੇ ਦੋਸਤਾਂ ਨੂੰ ਟੇਢੀ ਅੱਖ ਨਾਲ ਵੇਖਦੀ
ਆਪਣੇ ਮਿੱਤਰਾਂ ਨੂੰ ਸਿੱਧੀ ਅੱਖ ਨਾਲ
ਉਹ ਅਜ਼ਾਦੀ ਮਾਣਦੀ
ਸਮਝਦੀ ਨਹੀ

ਜੇ ਉਸ ਦੀ ਮਰਜ਼ੀ ‘ਚ ਸ਼ਾਮਲ।
ਮਾਂ ਦੀ ਮਰਜ਼ੀ
ਤਾਂ ਉਹ ਮਾਂ ਦੀ ਮਰਜ਼ੀ ‘ਚ ਸਦਾ
ਗੈਂਰ -ਹਾਜ਼ਿਰ ਕਿਉ?