ਚੰਡੀਗੜ੍ਹ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪੰਜਾਬ ਦੌਰੇ ‘ਤੇ ਹਨ। ਉਹ ਨਿਊ ਚੰਡੀਗੜ੍ਹ ਮੁੱਲਾਂਪੁਰ ਵਿਖੇ ਹੋਮੀ ਭਾਭਾ ਕੈਂਸਰ ਹਸਪਤਾਲ ਤੇ ਖੋਜ ਕੇਂਦਰ ਦਾ ਉਦਘਾਟਨ ਕਰਨਗੇ। ਕੇਂਦਰ ਸਰਕਾਰ ਨੇ ਇਸ ਨੂੰ 660 ਕਰੋੜ ਦੀ ਲਾਗਤ ਨਾਲ ਬਣਾਇਆ ਹੈ। 300 ਬੈੱਡਾਂ ਦੀ ਗਿਣਤੀ ਵਾਲਾ ਇਹ ਹਸਪਤਾਲ ਕੈਂਸਰ ਦੇ ਇਲਾਜ ਸਬੰਧੀ ਆਧੁਨਿਕ ਸਹੂਲਤਾਂ ਨਾਲ ਲੈਸ ਹੋਵੇਗਾ।
ਪ੍ਰਧਾਨ ਮੰਤਰੀ ਦੀ ਪਿਛਲੀ ਫੇਰੀ ਦੌਰਾਨ ਸੁਰੱਖਿਆ ਵਿੱਚ ਕੁਤਾਹੀ ਹੋਈ ਸੀ। ਇਸ ਲਈ ਇਸ ਵਾਰ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਹਸਪਤਾਲ ਦੇ ਆਲੇ-ਦੁਆਲੇ ਦੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ। ਬਾਹਰ ਪੰਜਾਬ ਪੁਲਿਸ ਤੇ ਅੰਦਰ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ (ਐਸਪੀਜੀ) ਨੇ ਸੁਰੱਖਿਆ ਸੰਭਾਲ ਲਈ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਦੇ ਮੱਦੇਨਜ਼ਰ ਹਸਪਤਾਲ ਦੇ ਆਲੇ-ਦੁਆਲੇ ਦੇ 2 ਕਿਲੋਮੀਟਰ ਦੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ। ਖੇਤਰ ਵਿੱਚ ਧਾਰਾ 144 ਨੂੰ ਨੋ ਫਲਾਈ ਜ਼ੋਨ ਘੋਸ਼ਿਤ ਕੀਤਾ ਗਿਆ ਹੈ। ਕਿਸੇ ਵੀ ਬਾਹਰੀ ਵਿਅਕਤੀ ਨੂੰ ਪਾਸ ਤੋਂ ਬਿਨਾਂ ਹਸਪਤਾਲ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਹੈ।
ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਹ ਪਹਿਲੀ ਫੇਰੀ ਹੈ। ਇਸ ਤੋਂ ਪਹਿਲਾਂ ਉਹ 5 ਜਨਵਰੀ ਨੂੰ ਫਿਰੋਜ਼ਪੁਰ ਆਏ ਸਨ। ਉਥੇ ਕਿਸਾਨਾਂ ਦੇ ਜਾਮ ਕਾਰਨ ਉਨ੍ਹਾਂ ਦੇ ਕਾਫਲੇ ਨੂੰ ਰੋਕ ਦਿੱਤਾ ਗਿਆ। ਕਰੀਬ 15 ਮਿੰਟ ਫਲਾਈਓਵਰ ‘ਤੇ ਰੁਕਣ ਤੋਂ ਬਾਅਦ ਉਹ ਦੌਰਾ ਰੱਦ ਕਰਕੇ ਵਾਪਸ ਪਰਤ ਗਏ।
ਪ੍ਰਬੰਧਕਾਂ ਅਨੁਸਾਰ ਇਹ ਹਸਪਤਾਲ 6 ਮਹੀਨਿਆਂ ਵਿੱਚ ਪੂਰੀ ਤਰ੍ਹਾਂ ਤਿਆਰ ਹੋ ਜਾਵੇਗਾ। ਇਸ ਨਾਲ ਪੰਜਾਬ ਹੀ ਨਹੀਂ ਸਗੋਂ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਹਰਿਆਣਾ, ਉੱਤਰਾਖੰਡ ਤੇ ਰਾਜਸਥਾਨ ਦੇ ਮਰੀਜ਼ਾਂ ਨੂੰ ਵਿਸ਼ਵ ਪੱਧਰੀ ਕੈਂਸਰ ਦਾ ਇਲਾਜ ਮਿਲੇਗਾ।