ਗੁਰਦਾਸਪੁਰ . ਕੋਰੋਨਾ ਵਾਇਰਸ ਦੇ ਕਰਕੇ ਲੋਕਾਂ ਨੇ ਆਪਣੇ ਪਿੰਡਾਂ ਵਿੱਚ ਠੀਕਰੀ ਪਹਿਰੇ ਲਾਉਣੇ ਸ਼ੁਰੂ ਕਰ ਦਿੱਤੇ ਹਨ, ਜਿਸ ਕਾਰਨ ਆਉਣ ਜਾਣ ਵਾਲਿਆ ਨੂੰ ਬਿਨਾਂ ਵਜ੍ਹਾ ਪਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਦਾ ਮਾਮਲਾ ਗੁਰਦਾਸਪੁਰ ਦੇ ਪਿੰਡ ਦਤਾਰਪੁਰ ਵਿਚ ਸਾਹਮਣੇ ਆਇਆ ਹੈ। ਪਿੰਡ ਦੇ ਠੀਕਰੀ ਪਹਿਰੇ ਤੇ ਖੜ੍ਹੇ ਲੋਕਾਂ ਵਲੋਂ ਪਿੰਡ ਦੇ ਇਕ ਨੌਜਵਾਨ ਨੂੰ, ਜੋ ਕਿ ਪਲੰਬਰ ਹੈ ਤੇ ਕਿਸੇ ਕੰਮ ਲਈ ਪਿੰਡ ਤੋਂ ਬਾਹਰ ਜਾਣਾ ਚਾਹੁੰਦਾ ਸੀ, ਰੋਕ ਕੇ ਜ਼ਲੀਲ ਕੀਤਾ। ਠੀਕਰੀ ਪਹਿਰੇ ਤੇ ਮੌਜੂਦ ਲੋਕਾਂ ਨੇ ਪਲੰਬਰ ਨੂੰ ਉਸ ਤੇ ਮਾਮਲਾ ਦਰਜ ਕਰਵਾਉਣ ਦੀਆ ਧਮਕੀਆਂ ਵੀ ਦਿੱਤੀਆਂ ਸਨ। ਉਸ ਨੌਜਵਾਨ ਨੇ ਪਰੇਸ਼ਾਨ ਹੋ ਕੇ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ ਹੈ। ਪੁਲਿਸ ਨੇ ਪਿੰਡ ਦੇ ਦੋ ਲੋਕਾਂ ਉੱਤੇ ਮਾਮਲਾ ਦਰਜ ਕਰ ਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
18 ਸਾਲਾ ਨੌਜਵਾਨ ਜਸਵਿੰਦਰ ਸਿੰਘ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਹੈ ਕਿ ਉਹ ਪਲੰਬਰ ਦਾ ਕੰਮ ਕਰਦਾ ਸੀ ਅਤੇ ਕੱਲ ਸ਼ਾਮ ਉਹ ਪਿੰਡ ਦੇ ਬਾਹਰ ਕੰਮ ਕਰਨ ਲਈ ਜਾਣਾ ਚਾਹੁੰਦਾ ਸੀ। ਉਹ ਨਾਕੇ ਉੱਤੇ ਗਿਆ ਤੇ ਪਿੰਡ ਦੇ ਬਾਹਰ ਜਾਣ ਦੀ ਗਲ ਕਹੀ, ਪਰ ਕੁੱਝ ਲੋਕਾਂ ਨੇ ਉਸ ਨੂੰ ਜ਼ਲੀਲ ਕੀਤਾ ਅਤੇ ਇਸ ਤੋਂ ਇਲਾਵਾ ਉਸ ਨੂੰ ਧਮਕੀਆਂ ਵੀ ਦਿੱਤੀਆਂ ਗਈਆਂ। ਉਸ ਤੋਂ ਪਰੇਸ਼ਾਨ ਹੋ ਕੇ ਨੌਜਵਾਨ ਨੇ ਖ਼ੁਦਕੁਸ਼ੀ ਕਰ ਲਈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਕਿਹਾ ਕਿ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪਰਿਵਾਰ ਦੇ ਬਿਆਨਾਂ ਉੱਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।