ਫਾਜ਼ਿਲਕਾ, 18 ਅਕਤੂਬਰ| ਫਾਜ਼ਿਲਕਾ ਦੇ ਅਬੋਹਰ-ਸ਼੍ਰੀਗੰਗਾਨਗਰ ਰੋਡ ‘ਤੇ ਆਲਮਗੜ੍ਹ ਬੱਸ ਸਟੈਂਡ ਨੇੜੇ ਦੁਪਹਿਰ ਨੂੰ ਇਕ ਪਿਕਅੱਪ ਨੇ 4 ਲੋਕਾਂ ਨੂੰ ਕੁਚਲ ਦਿੱਤਾ। ਇਨ੍ਹਾਂ ਵਿੱਚੋਂ ਪੰਜ ਸਾਲਾ ਬੱਚੇ ਦੀ ਹਾਲਤ ਨਾਜ਼ੁਕ ਹੋਣ ’ਤੇ ਉਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ। ਮਾਮਲੇ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ।
ਮਿਲੀ ਜਾਣਕਾਰੀ ਅਨੁਸਾਰ ਲਾਧੂਕਾ ਮੰਡੀ ਦੀ ਰਹਿਣ ਵਾਲੀ ਕਸ਼ਮੀਰੀ ਬਾਈ, ਉਸ ਦਾ ਪੰਜ ਸਾਲਾ ਪੁੱਤਰ ਅੰਮ੍ਰਿਤਪਾਲ, ਗੁਰਦੇਵਾ ਬਾਈ ਵਾਸੀ ਪਿੰਡ ਫਲਿਆਂਵਾਲੀ ਆਲਮਗੜ੍ਹ ਬੱਸ ਸਟੈਂਡ ਨੇੜੇ ਸ੍ਰੀਗੰਗਾਨਗਰ ਜਾਣ ਵਾਲੀ ਬੱਸ ਦੀ ਉਡੀਕ ਕਰ ਰਹੇ ਸਨ। ਇਸੇ ਰੋਡ ’ਤੇ ਸਥਿਤ ਘੇਰੂ ਲਾਲ ਬਾਲਚੰਦ ਕਾਟਨ ਫੈਕਟਰੀ ’ਚ ਕੰਮ ਕਰਦਾ ਸਚਿਨ ਕੁਮਾਰ ਆਪਣੇ ਸਾਈਕਲ ’ਤੇ ਆਲਮਗੜ੍ਹ ਅੱਡੇ ’ਤੇ ਦਵਾਈ ਲੈਣ ਆਇਆ ਸੀ। ਇਸੇ ਦੌਰਾਨ ਅਬੋਹਰ ਤੋਂ ਸ੍ਰੀਗੰਗਾਨਗਰ ਜਾ ਰਹੇ ਤੇਜ਼ ਰਫ਼ਤਾਰ ਪਿਕਅੱਪ ਚਾਲਕ ਨੇ ਉਨ੍ਹਾਂ ਨੂੰ ਕੁਚਲ ਦਿੱਤਾ।
ਹਾਦਸੇ ‘ਚ ਸਾਰੇ ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਆਸ-ਪਾਸ ਦੇ ਲੋਕਾਂ ਨੇ 108 ਐਂਬੂਲੈਂਸ ਨੂੰ ਸੂਚਨਾ ਦਿੱਤੀ। ਇਸ ਦੌਰਾਨ ਪੰਜ ਸਾਲਾ ਬੱਚੇ ਅੰਮ੍ਰਿਤਪਾਲ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਦੋ ਬਾਈਕ ਸਵਾਰਾਂ ਨੇ ਤੁਰੰਤ ਉਸ ਨੂੰ ਸਿਵਲ ਹਸਪਤਾਲ ਪਹੁੰਚਾਇਆ। ਜਿੱਥੇ ਡਾਕਟਰਾਂ ਨੇ ਬੱਚੇ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਫਰੀਦਕੋਟ ਰੈਫਰ ਕਰ ਦਿੱਤਾ।
ਜਦਕਿ ਬਾਕੀ ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਘਟਨਾ ਤੋਂ ਬਾਅਦ ਆਸ-ਪਾਸ ਦੇ ਦੁਕਾਨਦਾਰਾਂ ਨੇ ਪਿਕਅੱਪ ਚਾਲਕ ਨੂੰ ਫੜ ਕੇ ਥਾਣਾ ਸਦਰ ਦੀ ਪੁਲਸ ਨੂੰ ਸੂਚਨਾ ਦਿੱਤੀ।