ਫਿਲੌਰ : ਪਤੀ ਨੂੰ ਸਾੜ ਕੇ ਮਾਰਨ ਦੀ ਕੋਸ਼ਿਸ਼ ਕਰਨ ਵਾਲੀ ਪਤਨੀ ਗ੍ਰਿਫਤਾਰ, ਫੇਸਬੁੱਕ ‘ਤੇ ਦੋਸਤੀ ਹੋਣ ਤੋਂ ਬਾਅਦ ਕਰਵਾਇਆ ਸੀ ਵਿਆਹ

0
998

ਫਿਲੌਰ | ਸੁੱਤੇ ਪਏ ਪਤੀ ‘ਤੇ ਜਲਣਸ਼ੀਲ ਪਦਾਰਥ ਸੁੱਟ ਕੇ ਉਸ ਨੂੰ ਸਾੜ ਕੇ ਮਾਰਨ ਦੀ ਕੋਸ਼ਿਸ਼ ਕਰਨ ਵਾਲੀ ਪਤਨੀ ਨੂੰ 17 ਮਹੀਨਿਆਂ ਬਾਅਦ ਰੋਪੜ ਤੋਂ ਗ੍ਰਿਫਤਾਰ ਕੀਤਾ ਗਿਆ ਹੈ।

ਇਸ ਸਬੰਧੀ ਥਾਣਾ ਮੁਖੀ ਇੰਸਪੈਕਟਰ ਸੰਜੀਵ ਕਪੂਰ ਨੇ ਦੱਸਿਆ ਕਿ ਸਥਾਨਕ ਅਟਵਾਲ ਕਾਲੋਨੀ ਦਾ ਰਹਿਣ ਵਾਲਾ ਗੁਰਪ੍ਰੀਤ ਸਿੰਘ ਜੋ ਰੇਲਵੇ ਵਿਭਾਗ ‘ਚ ਸਰਕਾਰੀ ਨੌਕਰੀ ‘ਤੇ ਤਾਇਨਾਤ ਹੈ, ਨੇ ਪੁਲਿਸ ਨੂੰ ਦਰਜ ਕਰਵਾਈ FIR ‘ਚ ਦੱਸਿਆ ਕਿ ਫੇਸਬੁੱਕ ਰਾਹੀਂ ਉਸ ਦੀ ਦੋਸਤੀ ਖੰਨਾ ਦੀ ਰਹਿਣ ਵਾਲੀ ਰਮਨਦੀਪ ਕੌਰ ਨਾਲ ਹੋਈ ਸੀ।

ਸਾਲ 2019 ‘ਚ ਦੋਵਾਂ ਨੇ ਵਿਆਹ ਕਰਵਾ ਲਿਆ। ਗੁਰਪ੍ਰੀਤ ਨੇ ਦੱਸਿਆ ਕਿ ਵਿਆਹ ਦੇ ਕੁਝ ਦਿਨਾਂ ਬਾਅਦ ਉਸ ਨੂੰ ਪਤਾ ਲੱਗਾ ਕਿ ਉਸ ਦੀ ਪਤਨੀ ਸ਼ਰਾਬ ਪੀਣ ਦੀ ਆਦੀ ਹੈ। ਆਪਣੇ ਘਰ ਨੂੰ ਬਚਾਉਣ ਤੇ ਉਸ ਨੂੰ ਸਮਝਾਉਣ ਲਈ ਉਹ ਉਸ ਦੀ ਹਰ ਗੱਲ ਮੰਨਦਾ ਰਿਹਾ।

ਉਸ ਨੇ ਦੱਸਿਆ ਕਿ ਉਸ ਦੀ ਪਤਨੀ ਦੀਆਂ ਗਲਤ ਆਦਤਾਂ ਦਿਨੋ-ਦਿਨ ਵੱਧਦੀਆਂ ਗਈਆਂ। ਉਹ ਸ਼ਰਾਬ ਪੀਣ ਤੋਂ ਇਲਾਵਾ ਘਰ ‘ਚ ਪਿਆ ਉਸ ਦੀ ਮਾਤਾ ਦਾ ਕੀਮਤੀ ਸਮਾਨ ਵੀ ਚੋਰੀ ਕਰਨ ਲੱਗੀ। ਉਸ ਨੇ ਇਸ ਦੀ ਸ਼ਿਕਾਇਤ ਰਮਨਦੀਪ ਕੌਰ ਦੇ ਮਾਤਾ-ਪਿਤਾ ਨੂੰ ਕੀਤੀ ਤਾਂ ਉਹ ਉਸ ਨੂੰ ਸਮਝਾਉਣ ਜਾ ਬਜਾਏ ਉਲਟਾ ਉਸ ਨੂੰ ਕਸੂਰਵਾਰ ਠਹਿਰਾਉਣ ਲੱਗੇ।

ਉਸ ਨੇ ਦੱਸਿਆ ਕਿ ਬੀਤੇ ਸਾਲ 13 ਮਈ ਨੂੰ ਜਦੋਂ ਉਹ ਆਪਣੇ ਘਰ ਮੌਜੂਦ ਸੀ ਤਾਂ ਉਸ ਦੀ ਪਤਨੀ ਨੇ ਆਪਣੇ ਮਾਤਾ-ਪਿਤਾ ਨਾਲ ਮਿਲ ਕੇ ਉਸ ਨੂੰ ਮਾਰਨ ਦੀ ਯੋਜਨਾ ਬਣਾਈ। ਜਦੋਂ ਉਹ ਰਾਤ ਨੂੰ ਸੁੱਤਾ ਪਿਆ ਸੀ ਤਾਂ ਉਸ ਦੀ ਪਤਨੀ ਨੇ ਉਠ ਕੇ ਪਹਿਲਾਂ ਕਮਰੇ ਦੀ ਲਾਈਟ ਬੰਦ ਕੀਤੀ ਤੇ ਬਾਅਦ ‘ਚ ਉਸ ‘ਤੇ ਸਪਿਰਟ ਸੁੱਟ ਕੇ ਉਸ ਨੂੰ ਅੱਗ ਦੇ ਹਵਾਲੇ ਕਰਕੇ ਘਰੋਂ ਫਰਾਰ ਹੋ ਗਈ।

ਗੁਰਪ੍ਰੀਤ ਦੇ ਚੀਕਣ ਦੀ ਅਵਾਜ਼ ਸੁਣ ਕੇ ਪਰਿਵਾਰ ਵਾਲੇ ਜਦੋਂ ਉਸ ਦੇ ਕਮਰੇ ‘ਚ ਆਏ ਤਾਂ ਉਹ ਅੱਗ ਦੀਆਂ ਲਪਟਾਂ ‘ਚ ਘਿਰਿਆ ਹੋਇਆ ਸੀ। ਆਪਣੇ ਪੁੱਤ ਨੂੰ ਲੱਗੀ ਅੱਗ ਬੁਝਾਉਂਦੇ ਸਮੇਂ ਉਸ ਦੇ ਬਜ਼ੁਰਗ ਪਿਤਾ ਵੀ ਜ਼ਖਮੀ ਹੋ ਗਏ।

ਪਰਿਵਾਰ ਵਾਲੇ ਉਸ ਨੂੰ CMC ਹਸਪਤਾਲ ਲੁਧਿਆਣਾ ਲੈ ਗਏ, ਜਿਥੇ ਡਾਕਟਰਾਂ ਨੇ ਉਸ ਨੂੰ 45 ਫੀਸਦੀ ਜਲਿਆ ਹੋਇਆ ਦੱਸਿਆ ਗਿਆ। ਉਹ ਪਿਛਲੇ ਡੇਢ ਸਾਲ ਤੋਂ ਆਪਣਾ ਇਲਾਜ ਕਰਵਾ ਰਿਹਾ ਹੈ ਤੇ ਉਸ ਦੀ ਪਤਨੀ ਰਮਨਦੀਪ ਕੌਰ 17 ਮਹੀਨਿਆਂ ਤੋਂ ਫਰਾਰ ਚੱਲ ਰਹੀ ਸੀ, ਜਿਸ ਨੂੰ ਥਾਣਾ ਮੁਖੀ ਇੰਪੈਕਟਰ ਸੰਜੀਵ ਕਪੂਰ ਨੇ ਪੁਲਿਸ ਪਾਰਟੀ ਨਾਲ ਬੀਤੇ ਦਿਨ ਰੋਪੜ ਨੇੜਿਓਂ ਇਕ ਪਿੰਡ ‘ਚੋਂ ਗ੍ਰਿਫਤਾਰ ਕਰ ਲਿਆ।

ਇੰਪੈਕਟਰ ਸੰਜੀਵ ਕਪੂਰ ਨੇ ਦੱਸਿਆ ਕਿ ਰਮਨਦੀਪ ਕੌਰ ਨੂੰ ਅਦਾਲਤ ‘ਚ ਪੇਸ਼ ਕਰਕੇ 2 ਦਿਨ ਦੇ ਰਿਮਾਂਡ ‘ਤੇ ਲਿਆ ਗਿਆ ਹੈ। ਇਸ ਮਾਮਲੇ ‘ਚ ਉਸ ਦੇ ਮਾਤਾ-ਪਿਤਾ ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।