ਫਗਵਾੜਾ। ਫਗਵਾੜਾ ’ਚ ਚੋਰਾਂ ਤੇ ਲੁਟੇਰਿਆਂ ਦੇ ਹੌਸਲੇ ਬੁਲੰਦੀਆਂ ’ਤੇ ਚੱਲ ਰਹੇ ਹਨ। ਹਾਲਾਤ ਇਹ ਹਨ ਕਿ ਆਮ ਜਨਤਾ ਦੇ ਘਰਾਂ ਅਤੇ ਵਪਾਰਕ ਅਦਾਰਿਆਂ ’ਚ ਵੱਡੀਆਂ ਚੋਰੀਆਂ ਕਰਨ ਵਾਲੇ ਚੋਰ-ਲੁਟੇਰੇ ਹੁਣ ਖੁੱਲ੍ਹੇਆਮ ਜੱਜ ਦੇ ਘਰ ਨੂੰ ਵੀ ਨਹੀਂ ਬਖਸ਼ ਰਹੇ ਹਨ।
ਜਾਣਕਾਰੀ ਮੁਤਾਬਕ ਲੁਟੇਰਿਆਂ ਨੇ ਹੁਣ ਸ਼ਹਿਰ ਦੀ ਪਾਸ਼ ਕਾਲੋਨੀ ਨਿਊ ਮਾਡਲ ਟਾਊਨ ’ਚ ਜੱਜ ਰੇਣੁਕਾ ਕਾਲੜਾ ਦੀ ਕਿਰਾਏ ਦੀ ਕੋਠੀ ਨੂੰ ਨਿਸ਼ਾਨਾ ਬਣਾ ਕੇ ਉਥੋਂ ਲੱਖਾਂ ਰੁਪਏ ਦਾ ਸਾਮਾਨ ਉਡਾ ਲਿਆ।
ਮਨੀਸ਼ ਕੁਮਾਰ ਚੱਢਾ ਪੁੱਤਰ ਰਮੇਸ਼ ਕੁਮਾਰ ਚੱਢਾ ਵਾਸੀ 269 ਏ ਹਰਗੋਬਿੰਦ ਨਗਰ ਫਗਵਾੜਾ ਨੇ ਥਾਣਾ ਸਿਟੀ ਦੀ ਪੁਲਸ ਨੂੰ ਦਿੱਤੀ ਜਾਣਕਾਰੀ ’ਚ ਖੁਲਾਸਾ ਕੀਤਾ ਕਿ ਉਸ ਨੇ ਆਪਣੀ ਕੋਠੀ ਨੰਬਰ 205ਬੀ ਨਿਊ ਮਾਡਲ ਟਾਊਨ ਫਗਵਾੜਾ ਨੂੰ ਮਾਣਯੋਗ ਜੱਜ ਸ਼੍ਰੀਮਤੀ ਰੇਣੁਕਾ ਕਾਲੜਾ ਨੂੰ ਪਿਛਲੇ 2 ਸਾਲਾਂ ਤੋਂ ਕਿਰਾਏ ’ਤੇ ਦਿੱਤਾ ਹੋਇਆ ਹੈ। ਮਾਣਯੋਗ ਜੱਜ ਸਾਹਿਬਾ ਦਸੰਬਰ 2022 ਤੋਂ ਛੁੱਟੀ ’ਤੇ ਚੱਲ ਰਹੇ ਹਨ।
ਜੱਜ ਸਾਹਿਬਾ ਦੇ ਗੰਨਮੈਨ ਨੇ ਉਸ ਨੂੰ ਫੋਨ ਕਰ ਕੇ ਦੱਸਿਆ ਕਿ ਕੋਠੀ ’ਚ ਚੋਰੀ ਦੀ ਇਕ ਵੱਡੀ ਘਟਨਾ ਵਾਪਰੀ ਹੈ। ਇਸ ਤੋਂ ਬਾਅਦ ਜਦੋਂ ਉਹ ਕੋਠੀ ਪੁੱਜੇ ਤਾਂ ਵੇਖਿਆ ਕਿ ਚੋਰ ਜੱਜ ਸਾਹਿਬਾ ਦਾ ਸਾਰਾ ਸਾਮਾਨ, ਜਿਸ ’ਚ 3 ਗੈਸ ਸਿਲੰਡਰ, ਇਕ ਐੱਲ. ਸੀ. ਡੀ. 55 ਇੰਚ, ਇਕ ਐੱਲ. ਸੀ. ਡੀ. 46 ਇੰਚ, ਇਕ ਐੱਲ. ਸੀ. ਡੀ. 32 ਇੰਚ, ਕਰੀਬ 50 ਹਜ਼ਾਰ ਰੁਪਏ ਦੇ ਚਾਂਦੀ ਦੇ ਗਹਿਣੇ, ਸਾਰੇ ਬਾਥਰੂਮਾਂ ਦੇ ਹੀਟਰ, ਰਸੋਈ ਫਿਟਿੰਗ ਦਾ ਕੀਮਤੀ ਸਾਮਾਨ ਆਦਿ, ਉਨ੍ਹਾਂ ਦੇ ਮੇਕਅੱਪ ਦਾ ਸਾਮਾਨ, ਬੱਚਿਆਂ ਦੇ ਕੱਪੜੇ, ਘੜੀਆਂ, ਮੋਬਾਇਲ ਫੋਨ, ਇਨਵਰਟਰ ਆਦਿ ’ਤੇ ਹੱਥ ਸਾਫ ਕਰ ਗਏ ਹਨ।