ਫਗਵਾੜਾ| ਫਗਵਾੜਾ ਸ਼ੂਗਰ ਮਿੱਲ ਨੇੜੇ ਸਕੂਲ ਪੜ੍ਹਨ ਜਾ ਰਹੀ ਇਕ ਲੜਕੀ ਦੀ ਰੇਲ ਦੀ ਚਪੇਟ ਵਿਚ ਆਉਣ ਨਾਲ ਦਰਦਨਾਕ ਮੌਤ ਹੋ ਗਈ ਹੈ। ਲੜਕੀਆਂ ਦੀਆਂ ਫਟੀਆਂ ਕਿਤਾਬਾਂ-ਕਾਪੀਆਂ ਕਾਫੀ ਦੂਰ ਤੱਕ ਖਿਲਰ ਗਈਆਂ। ਜੀਆਰਪੀ ਪੁਲਿਸ ਫਗਵਾੜਾ ਵਲੋਂ ਮੌਕੇ ਤੇ ਪਹੁੰਚ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ। ਇਸ ਦੌਰਾਨ ਕਾਪੀ ਉਤੇ ਲੜਕੀ ਦਾ ਨਾਂ ਲਿਖਿਆ ਦੇਖਿਆ ਗਿਆ ਤੇ ਉਸਦੀ ਇਕ ਸਹੇਲੀ ਦਾ ਨੰਬਰ ਵੀ ਸੀ, ਜਿਸ ਰਾਹੀਂ ਮ੍ਰਿਤਕ ਲੜਕੀ ਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕੀਤਾ ਗਿਆ।
ਜਾਣਕਾਰੀ ਦਿੰਦਿਆਂ ਜੀਆਰਪੀ ਚੌਕੀ ਇੰਚਾਰਜ ਗੁਰਭੇਜ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਸਟੇਸ਼ਨ ਮਾਸਟਰ ਵਲੋਂ ਇਤਲਾਹ ਦਿੱਤੀ ਗਈ ਸੀ ਕਿ ਸ਼ੂਗਰ ਮਿੱਲ ਨੇੜੇ ਇਕ ਲੜਕੀ ਟਰੇਨ ਥੱਲੇ ਆ ਗਈ ਹੈ। ਜਿਸ ਦੀ ਮੌਤ ਹੋ ਗਈ ਹੈ।
ਉਨ੍ਹਾਂ ਦੱਸਿਆ ਕਿ ਲੜਕੀ ਦਾ ਨਾਂ ਬਲਜਿੰਦਰ ਕੌਰ ਪੁੱਤਰੀ ਪਲਵਿੰਦਰ ਸਿੰਘ ਵਾਸੀ ਪਿੰਡ ਦਕੋਹਾ ਜ਼ਿਲ੍ਹਾ ਜਲੰਧਰ ਵਜੋਂ ਹੋਈ ਤੇ ਲੜਕੀ ਕੇਐਮਵੀ ਸਕੂਲ ਫਗਵਾੜਾ ਦੀ ਨੌਵੀਂ ਕਲਾਸ ਦੀ ਵਿਦਿਆਰਥਣ ਹੈ, ਜੋ ਕਿ ਫਗਵਾੜਾ ਵਿਚ ਆਪਣੀ ਮਾਸੀ ਦੇ ਘਰ ਰਹਿ ਰਹੀ ਸੀ।
ਚੌਕੀ ਇੰਚਾਰਜ ਨੇ ਦੱਸਿਆ ਕਿ ਉਕਤ ਲੜਕੀ ਸਵੇਰੇ 8 ਵਜੇ ਘਰੋਂ ਨਿਕਲੀ ਤਾਂ ਸਤਨਾਮਪੁਰਾ ਫਲਾਈਓਵਰ ਥੱਲੇ ਸ਼ੂਗਰ ਮਿੱਲ ਨੇੜੇ ਚਹੇੜੂ ਲਾਈਨ ਵਿਚਕਾਰ ਜੰਮੂ ਨੂੰ ਜਾ ਰਹੀ ਰੇਲ ਗੱਡੀ ਦੀ ਲਪੇਟ ਵਿਚ ਆ ਗਈ। ਜਿਸ ਕਾਰਨ ਉਸਦੀ ਮੌਤ ਹੋ ਗਈ। ਪੁਲਿਸ ਵਲੋਂ 174 ਦੀ ਕਾਰਵਾਈ ਕੀਤੀ ਗਈ ਹੈ।