ਕਪੂਰਥਲਾ | ਫਗਵਾੜਾ ਦੇ ਪਿੰਡ ਭਬਿਆਣਾ ਵਿਖੇ ਘਰ ’ਚ ਇਕੱਲੇ ਰਹਿੰਦੇ ਇਕ ਵਿਅਕਤੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ । ਇਸ ਕਤਲ ਤੋਂ ਬਾਅਦ ਲੋਕਾਂ ’ਚ ਦਹਿਸ਼ਤ ਅਤੇ ਡਰ ਦਾ ਮਾਹੌਲ ਹੈ। ਮ੍ਰਿਤਕ ਦੀ ਪਛਾਣ ਗੁਰਦੇਵ ਸਿੰਘ ਪੁੱਤਰ ਸ਼ਾਮ ਸਿੰਘ ਵਾਸੀ ਪਿੰਡ ਭਬਿਆਣਾ ਵਜੋਂ ਹੋਈ ਹੈ।
ਪਿੰਡ ਦੇ ਸਾਬਕਾ ਸਰਪੰਚ ਤਰਲੋਕ ਸਿੰਘ ਨੇ ਦੱਸਿਆ ਕਿ ਗੁਰਦੇਵ ਸਿੰਘ ਦੇ ਕਤਲ ਦੀ ਖ਼ਬਰ ਉਸ ਸਮੇਂ ਸਾਹਮਣੇ ਆਈ, ਜਦੋਂ ਇਲਾਕੇ ’ਚ ਪੁੱਜੇ ਇਕ ਫੜ੍ਹੀ ਵਾਲੇ ਨੇ ਉਸ ਦੀ ਲਾਸ਼ ਘਰ ’ਚ ਖੂਨ ਨਾਲ ਲੱਥਪਥ ਪਈ ਦੇਖੀ, ਜਿਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ।
ਇਸ ਦੌਰਾਨ ਪਿੰਡ ਦੇ ਹੀ ਕੁਝ ਹੋਰ ਲੋਕਾਂ ਨੇ ਦੱਸਿਆ ਕਿ ਮ੍ਰਿਤਕ ਗੁਰਦੇਵ ਸਿੰਘ ਦਾ ਕਤਲ ਕਰਨ ’ਚ ਪਿੰਡ ’ਚ ਹੀ ਰਹਿਣ ਵਾਲਾ ਇਕ ਨਸ਼ੇੜੀ ਸ਼ਾਮਲ ਹੋ ਸਕਦਾ ਹੈ। ਹਾਲਾਂਕਿ ਮੌਕੇ ’ਤੇ ਮੌਜੂਦ ਪੁਲਿਸ ਅਧਿਕਾਰੀਆਂ ਨੇ ਕਿਹਾ ਹੈ ਕਿ ਪੁਲਿਸ ਇਸ ਕਤਲ ਦੇ ਸਾਰੇ ਕਾਰਨਾਂ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ ਪਰ ਜਦੋਂ ਤੱਕ ਪੁਲਿਸ ਜਾਂਚ ਪੂਰੀ ਨਹੀਂ ਹੋ ਜਾਂਦੀ, ਉਦੋਂ ਤਕ ਇਹ ਕਤਲ ਕਿਉਂ ਕੀਤਾ ਗਿਆ। ਪੁਲਿਸ ਨੇ ਗੁਰਦੇਵ ਸਿੰਘ ਦੀ ਲਾਸ਼ ਨੂੰ ਉਸ ਦੇ ਘਰੋਂ ਚੁੱਕ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ’ਚ ਭੇਜ ਦਿੱਤਾ ਹੈ।
ਪੁਲਿਸ ਇਲਾਕੇ ’ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕਰ ਰਹੀ ਹੈ ਪਰ ਸੂਤਰਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਪੁਲਿਸ ਨੇ ਕਤਲ ਨਾਲ ਸਬੰਧਤ ਇਕ ਵਿਅਕਤੀ ਖਿਲਾਫ਼ ਕਤਲ ਕਰਨ ਦੇ ਦੋਸ਼ ’ਚ ਮਾਮਲਾ ਦਰਜ ਕਰ ਲਿਆ ਹੈ ਪਰ ਅਧਿਕਾਰਤ ਤੌਰ ’ਤੇ ਗੁਰਦੇਵ ਸਿੰਘ ਦਾ ਕਤਲ ਡੂੰਘਾ ਰਹੱਸ ਹੀ ਬਣਿਆ ਹੋਇਆ ਹੈ ਅਤੇ ਪੁਲਿਸ ਕਤਲਕਾਂਡ ਦੀ ਜਾਂਚ ਕਰ ਰਹੀ ਹੈ।