ਫਗਵਾੜਾ, 26 ਜਨਵਰੀ | ਫਗਵਾੜਾ ਦੇ ਚਾਚੋਕੀ ਪੁਲ ਉਪਰ ਚਾਈਨਾ ਡੋਰ ਦੀ ਲਪੇਟ ’ਚ ਆਉਣ ਨਾਲ ਇਕ ਵਿਅਕਤੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ, ਜਿਸ ਨੂੰ 108 ਐਂਬੂਲੈਂਸ ਰਾਹੀਂ ਇਲਾਜ ਲਈ ਫਗਵਾੜਾ ਦੇ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿਥੇ ਐਮਰਜੈਂਸੀ ਡਿਊਟੀ ’ਤੇ ਤਾਇਨਾਤ ਡਾਕਟਰਾਂ ਵੱਲੋਂ ਉਕਤ ਵਿਅਕਤੀ ਦੀ ਹਾਲਤ ਨੂੰ ਨਾਜ਼ੁਕ ਦੇਖਦੇ ਹੋਏ ਹਾਇਰ ਸੈਂਟਰ ਰੈਫਰ ਕਰ ਦਿੱਤਾ ਗਿਆ। ਜ਼ਖ਼ਮੀ ਦੀ ਪਛਾਣ ਤਰਲੋਕ ਸਿੰਘ ਵਾਸੀ ਪਿੰਡ ਘੁੰਮਣਾ ਵਜੋਂ ਹੋਈ।
ਜਾਣਕਾਰੀ ਅਨੁਸਾਰ ਤਰਲੋਕ ਸਿੰਘ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਪਿੰਡ ਨੂੰ ਜਾ ਰਿਹਾ ਸੀ। ਜਦੋਂ ਉਹ ਚਾਚੋਕੀ ਪੁਲ ਉਪਰ ਪੁੱਜਾ ਤਾਂ ਉਹ ਚਾਈਨਾ ਡੋਰ ਦੀ ਲਪੇਟ ’ਚ ਆ ਗਿਆ, ਜਿਸ ਕਾਰਨ ਉਸ ਦੀ ਅੱਖ ਤੇ ਨੱਕ ਉੱਪਰ ਕਾਫੀ ਵੱਡਾ ਟੱਕ ਲੱਗ ਗਿਆ। ਇਸ ਕਾਰਨ ਉਸ ਦੀ ਅੱਖ ਕਾਫੀ ਨੁਕਸਾਨੀ ਗਈ। ਸਿਵਲ ਹਸਪਤਾਲ ’ਚ ਐਮਰਜੈਂਸੀ ਡਿਊਟੀ ’ਤੇ ਤਾਇਨਾਤ ਡਾਕਟਰ ਮਨਪ੍ਰੀਤ ਕੌਰ ਮੁਤਾਬਕ ਚਾਈਨਾ ਡੋਰ ਦੀ ਲਪੇਟ ’ਚ ਆਏ ਇਕ ਵਿਅਕਤੀ ਤਰਲੋਕ ਸਿੰਘ 50 ਸਾਲ ਨੂੰ ਇਲਾਜ ਲਈ ਲਿਆਂਦਾ ਗਿਆ। ਜਿਨ੍ਹਾਂ ਦੀ ਅੱਖ ਡੋਰ ਦੀ ਲਪੇਟ ’ਚ ਆਉਣ ਨਾਲ ਕਾਫੀ ਨੁਕਸਾਨੀ ਗਈ। ਉਨ੍ਹਾਂ ਵੱਲੋਂ ਉਕਤ ਵਿਅਕਤੀ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਮੁਢਲੀ ਸਹਾਇਤਾ ਦੇ ਕੇ ਹਾਇਰ ਸੈਂਟਰ ਰੈਫਰ ਕਰ ਦਿੱਤਾ ਗਿਆ।