ਚੰਡੀਗੜ੍ਹ | ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਚੰਡੀਗੜ੍ਹ ਵਿਚ ਪਹਿਲੀ ਵਾਰ ਆਪਣੀ ਕਿਸਮ ਦੇ ਵਿਲੱਖਣ ਅਤੇ ਗੁੰਝਲਦਾਰ ਆਪ੍ਰੇਸ਼ਨ ਵਿਚ ਇਕ ਮਰੀਜ਼ ਵਿਚ ਪੈਨਕ੍ਰੀਆਸ ਅਤੇ ਗੁਰਦੇ ਦਾ ਇਕੋ ਸਮੇਂ ਟਰਾਂਸਪਲਾਂਟ ਕੀਤਾ ਗਿਆ।
ਮਰੀਜ਼ ਨੂੰ ਪੈਨਕ੍ਰੀਆਸ ਇਕ ਮ੍ਰਿਤਕ ਵਿਅਕਤੀ ਤੋਂ ਮਿਲਿਆ, ਜਦਕਿ ਗੁਰਦਾ ਉਸ ਦੀ ਭੈਣ ਦੁਆਰਾ ਦਾਨ ਕੀਤਾ ਗਿਆ ਸੀ। ਪੀਜੀਆਈ ਨੇ ਸੋਮਵਾਰ ਨੂੰ ਕਿਹਾ ਕਿ 21 ਸਾਲਾ ਕੁੰਦਨ ਬੈਥਾ (ਮ੍ਰਿਤਕ) ਦੇ ਪਰਿਵਾਰ ਦੇ ਇਸ ਸ਼ਲਾਘਾਯੋਗ ਕਦਮ ਨਾਲ ਚਾਰ ਜਾਨਾਂ ਬਚ ਗਈਆਂ।
ਬਿਆਨ ਮੁਤਾਬਕ ਬਿਹਾਰ ਦੇ ਪੱਛਮੀ ਚੰਪਾਰਨ ਜ਼ਿਲ੍ਹੇ ਦਾ ਰਹਿਣ ਵਾਲਾ ਕੁੰਦਨ ਬੈਥਾ 22 ਜਨਵਰੀ ਨੂੰ ਕਿਸੇ ਕੰਮ ਲਈ ਬਾਹਰ ਗਿਆ ਸੀ, ਜਦੋਂ ਉਸ ਦਾ ਮੋਟਰਸਾਈਕਲ ਤਿਲਕ ਗਿਆ ਅਤੇ ਉਹ ਸੜਕ ‘ਤੇ ਡਿੱਗ ਗਿਆ। ਹਾਦਸੇ ‘ਚ ਉਸ ਦੇ ਸਿਰ ‘ਤੇ ਗੰਭੀਰ ਸੱਟ ਲੱਗੀ। ਕੁੰਦਨ ਨੂੰ 23 ਜਨਵਰੀ ਨੂੰ ਗੰਭੀਰ ਹਾਲਤ ਵਿੱਚ ਪੀਜੀਆਈ ਲਿਆਂਦਾ ਗਿਆ ਸੀ। ਹਾਲਾਂਕਿ, 29 ਜਨਵਰੀ ਨੂੰ, ਪੀਜੀਆਈਐਮਈਆਰ ਦੀ ਸਰਟੀਫਿਕੇਸ਼ਨ ਕਮੇਟੀ ਨੇ ਐਲਾਨ ਕੀਤਾ ਕਿ ਉਸ ਦੇ ਦਿਮਾਗ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ।
ਰੇਨਲ ਟਰਾਂਸਪਲਾਂਟ ਸਰਜਰੀ ਵਿਭਾਗ ਦੇ ਮੁਖੀ ਪ੍ਰੋ. ਅਸ਼ੀਸ਼ ਸ਼ਰਮਾ ਨੇ ਦੱਸਿਆ ਕਿ ਜਿਸ ਵਿਅਕਤੀ ਵਿੱਚ ਇਹ ਅੰਗ ਟਰਾਂਸਪਲਾਂਟ ਕੀਤੇ ਗਏ ਸਨ, ਉਹ ਪਿਛਲੇ 21 ਸਾਲਾਂ ਤੋਂ ‘ਟਾਈਪ 1’ ਸ਼ੂਗਰ ਤੋਂ ਪੀੜਤ ਸੀ। ਉਨ੍ਹਾਂ ਦੱਸਿਆ ਕਿ ਮਰੀਜ਼ ਦੀ ਭੈਣ ਆਪਣਾ ਗੁਰਦਾ ਦਾਨ ਕਰਨ ਲਈ ਤਿਆਰ ਸੀ, ਪਰ ਉਹ ਆਪਣਾ ਪੈਨਕ੍ਰੀਆਸ ਨਹੀਂ ਦੇ ਸਕਦੀ ਸੀ। ਇਹ ਆਪ੍ਰੇਸ਼ਨ ਲਗਭਗ 12 ਘੰਟੇ ਚੱਲਿਆ ਅਤੇ ਇਸ ਵਿਚ ਵੱਖ-ਵੱਖ ਵਿਭਾਗਾਂ ਦੇ ਲਗਭਗ 30 ਮੈਡੀਕਲ ਕਰਮਚਾਰੀਆਂ ਨੇ ਹਿੱਸਾ ਲਿਆ। ਸੰਯੁਕਤ ਟਰਾਂਸਪਲਾਂਟ ਆਪਰੇਸ਼ਨ ਬਿਨਾਂ ਕਿਸੇ ਪੇਚੀਦਗੀ ਦੇ ਸਫ਼ਲ ਰਿਹਾ।