ਲੁਧਿਆਣਾ, 13 ਜੁਲਾਈ | ਸਤਿਗੁਰੂ ਨਗਰ ਵਿੱਚ ਬਿਜਲੀ ਦੀ ਆ ਰਹੀ ਸਮੱਸਿਆ ਤੋਂ ਪਰੇਸ਼ਾਨ ਲੋਕਾਂ ਨੇ ਧਰਨਾ ਲਗਾ ਕੇ ਬਿਜਲੀ ਵਿਭਾਗ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਲੋਕਾਂ ਨੇ ਕਿਹਾ ਕਿ ਪਿਛਲੇ ਕਾਫੀ ਮਹੀਨਿਆਂ ਤੋਂ ਲਾਈਟ ਪਹਿਲਾਂ ਤਾਂ ਆਉਂਦੀ ਨਹੀਂ ਜੇਕਰ ਆ ਜਾਂਦੀ ਹੈ ਤਾਂ ਘੱਟ ਵੱਧ ਹੋਣ ਕਰਕੇ ਉਹਨਾਂ ਦਾ ਇਲੈਕਟ੍ਰਿਕ ਸਮਾਨ ਸੜ ਚੁੱਕਾ ਹੈ।
ਵੋਲਟੇਜ ਵੱਧਣ-ਘਟਣ ਨਾਲ ਮੁਹੱਲੇ ਵਿੱਚ ਇਕ-ਇਕ ਘਰ ਦਾ 30 ਤੋਂ 40 ਹਜ਼ਾਰ ਦਾ ਨੁਕਸਾਨ ਹੋਇਆ ਹੈ। ਇਸ ਬਾਰੇ ਕਈ ਵਾਰ ਹਲਕਾ ਵਿਧਾਇਕ ਅਤੇ ਉਹਨਾਂ ਦੇ ਨੁਮਾਇੰਦਿਆਂ ਨਾਲ ਗੱਲ ਕੀਤੀ ਪਰ ਕੋਈ ਹਲ ਨਹੀਂ ਹੋਇਆ। ਟਰਾਂਸਫਰ ਬਦਲਿਆ ਵੀ ਤਾਂ ਛੋਟਾ ਰਖ ਦਿੱਤਾ ਗਿਆ।
ਔਰਤਾਂ ਨੇ ਕਿਹਾ ਕਿ ਅੱਤ ਦੀ ਗਰਮੀ ਹੈ ਤੇ ਬਿਜਲੀ ਬੰਦ ਹੋਣ ਕਰਕੇ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਲਾਕੇ ਦੇ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਨੇ ਕਿਹਾ ਕਿ ਉਹਨਾਂ ਵੱਲੋਂ ਇਲਾਕੇ ਦੇ ਲੋਕਾਂ ਦੇ ਕਹਿਣ ‘ਤੇ ਟਰਾਂਸਫਰ ਰਖਵਾਇਆ ਗਿਆ ਸੀ ਹੁਣ ਕੋਈ ਵੀ ਦਿੱਕਤ ਨਹੀਂ ਆ ਰਹੀ ਹੈ। ਕੁਝ ਸ਼ਰਾਰਤੀ ਅਨਸਰਾਂ ਵੱਲੋਂ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।