ਕੇਂਦਰ ਆਪਣੇ ਫੈਸਲੇ ‘ਤੇ ਅੜੀ, ਪੰਜਾਬ ਦੇ ਲੋਕ ਪਾਵਰ ਕੱਟ ਤੋਂ ਹੋਏ ਪਰੇਸ਼ਾਨ

0
1920

ਚੰਡੀਗੜ੍ਹ | ਕੇਂਦਰ ਵੱਲੋਂ ਪਾਸੇ ਕੀਤੇ ਗਏ ਖੇਤੀ ਕਾਨੂੰਨਾਂ ਖ਼ਿਲਾਫ਼ ਪੰਜਾਬ ਅੰਦਰ ਕਿਸਾਨ ਸੰਗਠਨ ਰੋਸ਼ ਪ੍ਰਦਰਸ਼ਨ ਕਰ ਰਹੇ ਹਨ। ਕੇਂਦਰ ਦਾ ਰਵੱਈਆ ਅੜੀਅਲ ਵਾਲਾ ਲੱਗ ਰਿਹਾ ਹੈ। ਕਿਸਾਨ ਸੰਗਠਨ ਭਾਵੇਂ ਰੇਲ ਪਟੜੀਆਂ ਤੋਂ ਹਟ ਗਏ ਹਨ ਪਰ ਫਿਰ ਵੀ ਕੇਂਦਰ ਵੱਲੋਂ ਮਾਲੱਗਡੀਆਂ ਸ਼ੁਰੂ ਨਹੀਂ ਕੀਤੀਆਂ ਗਈਆਂ ਜਿਸ ਕਾਰਨ ਪੰਜਾਬ ਦੇ ਲੋਕ ਬਿਜਲੀ ਕੱਟਾਂ ਦਾ ਖਮਿਆਜ਼ਾ ਭੁਗਤ ਰਹੇ ਹਨ । ਬਿਜਲੀ ਦੇ ਕੱਟਾਂ ਨਾਲ ਪੰਜਾਬ ਦਾ ਉਹ ਕਾਲਾ ਦੌਰ ਯਾਦ ਗਿਆ ਜਦੋਂ ਲੰਬੇ ਬਿਜਲੀ ਦੇ ਕੱਟ ਲਗਦੇ ਸਨ। ਇਸ ਸਮੇ ਮੁਸ਼ਕਲ ਇਹ ਹੈ ਕਿ ਬਿਜਲੀ ਦੇ ਲੰਬੇ ਕੱਟਾਂ ਕਾਰਨ ਏ ਟੀ ਐਮ ਬੰਦ ਪਏ ਹਨ। ਲੋਕਾਂ ਨੂੰ ਪੈਸੇ ਕੱਢਣ ਵਿਚ ਮੁਸ਼ਕਲ ਆ ਰਹੀ ਹੈ।

ਰੇਲਵੇ ਬੋਰਡ ਦੇ ਚੇਅਰਮੈਨ ਨੇ ਪੰਜਾਬ ਸਰਕਾਰ ਦੇ ਦਾਅਵੇ ਨੂੰ ਗੁੰਮਰਾਹ ਕਰਨ ਵਾਲਾ ਦੱਸਿਆ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਅਜੇ ਵੀ 22 ਥਾਵਾਂ ‘ਤੇ ਧਰਨੇ ਦਿੱਤੇ ਜਾ ਰਹੇ ਹਨ। ਦੀਵਾਲੀ ਦੇ ਮੱਦੇਨਜ਼ਰ ਰੇਲਵੇ ਮਾਲਗੱਡੀਆਂ ਹੀ ਨਹੀਂ ਸਗੋਂ ਯਾਤਰੀ ਟ੍ਰੇਨਾਂ ਵੀ ਚਲਾਉਣਾ ਚਾਹੁੰਦਾ ਹੈ ਪਰ ਮੌਜੂਦਾ ਹਾਲਾਤ ਕਾਰਨ 12 ਨਵੰਬਰ ਤੱਕ ਟ੍ਰੇਨਾਂ ਨਹੀਂ ਚਲਾਈਆਂ ਜਾਣਗੀਆਂ ਜਿਸ ਕਾਰਨ ਸੂਬੇ ਅੰਦਰ ਕੋਲੇ ਦਾ ਸੰਕਟ ਪੈਦਾ ਹੋ ਗਿਆ ਹੈ। ਦੂਜੇ ਪਾਸੇ ਪੰਜਾਬ ਅੰਦਰ ਬਲੈਕ ਆਊਟ ਹੁੰਦਾ ਜਾ ਰਿਹਾ ਹੈ। ਪੰਜਾਬ ਦਾ ਹਰ ਵਰਗ ਕਿਸਾਨਾਂ ਦੇ ਸੰਘਰਸ਼ ਦਾ ਸਮਰਥਨ ਕਰ ਰਿਹਾ ਹੈ। ਪਰ ਇਸ ਸਮੇਂ ਮੁਸ਼ਕਲ ਸਿਰਫ ਪੰਜਾਬ ਦੇ ਲੋਕਾਂ ਨੂੰ ਆਉਣੀ ਸ਼ੁਰੂ ਹੋ ਗਈ ਹੈ । ਬਿਜਲੀ ਦੇ ਕੱਟਾਂ ਕਾਰਨ ਹਰ ਵਰਗ ਪਰੇਸ਼ਾਨ ਹੋ ਰਿਹਾ ਹੈ। ਸੰਘਰਸ਼ ਨਾਲ਼ ਇਸ ਸਮੇਂ ਕੇਂਦਰ ਨੂੰ ਘੱਟ ਤੇ ਪੰਜਾਬ ਦੇ ਲੋਕਾਂ ਨੂੰ ਜ਼ਿਆਦਾ ਤਕਲੀਫ ਹੋਣੀ ਸ਼ੁਰੂ ਹੋ ਗਈ ਹੈ।

26 ਸਤੰਬਰ ਤੋਂ ਮਾਲਗੱਡੀਆਂ ਬੰਦ ਹਨ। 21 ਅਕਤੂਬਰ ਨੂੰ ਗੱਡੀਆਂ ਸ਼ੁਰੂ ਹੋਈਆਂ ਪਰ 23 ਨੂੰ ਫਿਰ ਰੋਕਣੀਆਂ ਪਈਆਂ। ਕਾਂਗਰਸ ਨੇਤਾਵਾਂ ਨੇ ਰੇਲ ਮੰਤਰੀ ਨਾਲ ਮੁਲਾਕਾਤ ਕਰਕੇ ਸੂਬੇ ਨੂੰ ਹੋ ਰਹੇ ਨੁਕਸਾਨ ਦੀ ਜਾਣਕਾਰੀ ਦਿੱਤੀ। ਪੰਜਾਬ ‘ਚ ਕਿਸਾਨ ਅੰਦੋਲਨ ਕਾਰਨ ਨਾਰਦਰਨ ਰੇਲਵੇ ਨੂੰ ਹੁਣ ਤੱਕ 1200 ਕਰੋੜ ਤੋਂ ਵੱਧ ਦਾ ਨੁਕਸਾਨ ਹੋ ਚੁੱਕਾ ਹੈ। ਰੋਜ਼ਾਨਾ ਔਸਤਨ 45 ਕਰੋੜ ਦਾ ਨੁਕਸਾਨ ਹੋ ਰਿਹਾ ਹੈ। ਨਾਰਦਰਨ ਰੇਲਵੇ ਦੇ ਜੀ.ਐੱਮ. ਆਸ਼ੂਤੋਸ਼ ਗੰਗਾਲ ਨੇ ਦੱਸਿਆ ਕਿ ਅੰਦੋਲਨ ਕਾਰਨ ਰੋਜ਼ਾਨਾ ਆਉਣ ਤੇ ਜਾਣ ਵਾਲੀ ਲਗਭਗ 70 ਮਾਲਗੱਡੀਆਂ ਪ੍ਰਭਾਵਿਤ ਹੋ ਰਹੀਆਂ ਹਨ। ਅੰਮ੍ਰਿਤਸਰ, ਬਟਾਲਾ, ਬਠਿੰਡਾ, ਮਾਨਸਾ, ਫਿਰੋਜ਼ਪੁਰ, ਮੋਗਾ, ਸੰਗਰੂਰ, ਫਾਜ਼ਿਲਕਾ ਸਮੇਤ 15 ਥਾਵਾਂ ‘ਤੇ ਜਥੇਬੰਦੀਆਂ ਡਟੀਆਂ ਹੋਈਆਂ ਹਨ ਜਿਸ ਕਾਰਨ ਰੇਲ ਵਿਭਾਗ ਮਾਲ ਤੇ ਯਾਤਰੀ ਗੱਡੀਆਂ ਚਲਾਉਣ ਤੋਂ ਇਨਕਾਰ ਕਰ ਰਿਹਾ ਹੈ।