ਪਟਿਆਲਾ : ਪਤੰਗ ਲੁੱਟਣ ਗਏ ਤਿੰਨ ਭੈਣਾਂ ਦੇ ਇਕਲੌਤੇ ਭਰਾ ਨੂੰ ਨੋਚ-ਨੋਚ ਖਾ ਗਏ ਕੁੱਤੇ, ਹਸਪਤਾਲ ‘ਚ ਤੋੜਿਆ ਦਮ

0
1055

ਪਟਿਆਲਾ, 14 ਫਰਵਰੀ| ਪਟਿਆਲਾ ਤੋਂ ਦੁਖਦ ਖਬਰ ਸਾਹਮਣੇ ਆਈ ਹੈ। ਇਥੇ ਨੇੜਲੇ ਪਿੰਡ ਬਰਸਟ ਵਿਖੇ ਆਵਾਰਾ ਕੁੱਤਿਆਂ ਨੇ ਇਕ ਬੱਚੇ ਨੂੰ ਬੁਰੀ ਤਰ੍ਹਾਂ ਵੱਢ ਲਿਆ। ਬੱਚੇ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ, ਜਿਥੇ ਉਸ ਨੇ ਦਮ ਤੋੜ ਦਿੱਤਾ। ਮ੍ਰਿਤਕ ਬੱਚੇ ਦੀ ਪਛਾਣ ਤਰਨਪ੍ਰੀਤ ਸਿੰਘ ਪੁੱਤਰ ਸੰਦੀਪ ਸਿੰਘ ਵਾਸੀ ਪਿੰਡ ਬਰਸਟ ਜ਼ਿਲ੍ਹਾ ਪਟਿਆਲਾ ਵਜੋਂ ਹੋਈ ਹੈ। ਤਰਨਪ੍ਰੀਤ ਸਿੰਘ ਤਿੰਨ ਭੈਣਾਂ ਦਾ ਇੱਕਲੌਤਾ ਭਰਾ ਸੀ ਤੇ ਉਸ ਦੇ ਪਿਤਾ ਸੰਦੀਪ ਸਿੰਘ ਮਜ਼ਦੂਰੀ ਦਾ ਕੰਮ ਕਰਦੇ ਹਨ।

ਜਾਣਕਾਰੀ ਅਨੁਸਾਰ, ਬੁੱਧਵਾਰ ਸ਼ਾਮ 4 ਕੁ ਵਜੇ ਦੇ ਕਰੀਬ ਤਰਨਪ੍ਰੀਤ ਸਿੰਘ ਅਤੇ ਇੱਕ ਹੋਰ ਛੋਟਾ ਬੱਚਾ ਪਿੰਡ ਦੇ ਨਾਲ ਲੱਗਦੇ ਖੇਤਾਂ ਵਿਚ ਟੁੱਟਿਆ ਪਤੰਗ ਚੁੱਕਣ ਗਏ ਸਨ, ਜਿਨ੍ਹਾਂ ਨੂੰ ਆਵਾਰਾ ਕੁੱਤਿਆਂ ਦੇ ਝੁੰਡ ਨੇ ਘੇਰ ਲਿਆ।

ਇਨ੍ਹਾਂ ਵਿਚੋਂ ਇੱਕ ਬੱਚਾ ਤਾਂ ਬਚ ਕੇ ਭੱਜ ਗਿਆ ਪ੍ਰੰਤੂ ਤਰਨਪ੍ਰੀਤ ਸਿੰਘ ਨੂੰ ਆਵਾਰਾ ਕੁੱਤਿਆਂ ਨੇ ਬੁਰੀ ਤਰ੍ਹਾਂ ਨਾਲ ਨੋਚ ਲਿਆ। ਇਸ ਘਟਨਾ ਨੂੰ ਦੇਖ ਕੇ ਨਾਲ ਦੇ ਖੇਤ ‘ਚ ਜਾ ਰਹੇ ਇੱਕ ਵਿਅਕਤੀ ਵੱਲੋਂ ਬੜੀ ਮੁਸ਼ੱਕਤ ਨਾਲ ਕੁੱਤਿਆਂ ਦੇ ਝੁੰਡ ਨੂੰ ਭਜਾਇਆ ਅਤੇ ਬੱਚੇ ਨੂੰ ਚੁੱਕ ਕੇ ਘਰ ਲਿਆਂਦਾ।

ਬੱਚੇ ਦੇ ਪਰਿਵਾਰ ਵੱਲੋਂ ਸਰਕਾਰੀ ਰਾਜਿੰਦਰਾਂ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ। ਹਸਪਤਾਲ ਦੇ ਡਾਕਟਰਾਂ ਵੱਲੋਂ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਅਤੇ ਪਰਿਵਾਰ ਵਾਲੇ ਬਿਨਾਂ ਕੋਈ ਕਾਰਵਾਈ ਕਰਵਾਏ ਬੱਚੇ ਦੀ ਲਾਸ਼ ਨੂੰ ਵਾਪਸ ਘਰ ਲੈ ਗਏ।