ਪਟਿਆਲਾ | ਪੂਰੇ ਪੰਜਾਬ ਵਿਚ ਆਨਰ ਕਿਲਿੰਗ ਦੇ ਮਾਮਲੇ ਵੱਧਦੇ ਜਾ ਰਹੇ ਨੇ। ਰਿਸ਼ਤਿਆਂ ਨੂੰ ਤਾਰ-ਤਾਰ ਕਰਦੀਆਂ ਘਟਨਾਵਾਂ ਆਏ ਦਿਨ ਪੰਜਾਬ ਦੇ ਕਿਸੇ ਨਾ ਕਿਸੇ ਸ਼ਹਿਰ ਤੋਂ ਆਉਂਦੀਆਂ ਹੀ ਰਹਿੰਦੀਆਂ ਹਨ।
ਇਕ ਅਜਿਹਾ ਹੀ ਮਾਮਲਾ ਪਟਿਆਲਾ ਤੋਂ ਸਾਹਮਣੇ ਆਇਆ ਹੈ ਜਿਥੇ ਆਪਣੀ ਲੜਕੀ ਨਾਲ ਅਸ਼ਲੀਲ ਹਰਕਤ ਕਰਨ ਵਾਲੇ ਦਾ ਪਿਓ ਵਲੋਂ ਕਤਲ ਕਰ ਦਿੱਤਾ ਗਿਆ। ਮਾਮਲੇ ਪਿੰਡ ਬੋਲੜ ਕਲਾਂ ਦਾ ਹੈ ਜਿਥੇ ਇਕ ਜਾਣਕਾਰ ਬੰਦੇ ਨੇ ਹੀ ਖੂਬਲਾਲ ਨਾਂ ਦੇ ਬੰਦੇ ਦੀ ਕੁੜੀ ਨਾਲ ਅਸ਼ਲੀਲ ਹਰਕਤ ਕੀਤੀ, ਜਿਸ ਤੋਂ ਬਾਅਦ ਸਾਰੀ ਵਾਰਦਾਤ ਘੜੀ ਗਈ।
ਬਿਹਾਰ ਵਾਸੀ ਖੂਬਲਾਲ ਨੇ ਬਿਹਾਰ ਦੇ ਹੀ ਰਹਿਣ ਵਾਲੇ ਨਰੇਸ਼ ਦਾ ਬੋਲੜ ਕਲਾਂ ਦੀ ਇਕ ਮੋਟਰ ’ਤੇ ਕਤਲ ਤੋਂ ਬਾਅਦ ਵਾਰਦਾਤ ਨੂੰ ਸੜਕ ਹਾਦਸਾ ਦਿਖਾਉਣ ਲਈ ਲਾਸ਼ ਮੋਢੇ ’ਤੇ ਰੱਖ ਕੇ ਸੜਕ ਕਿਨਾਰੇ ਸੁੱਟ ਦਿੱਤੀ। ਇਹ ਖ਼ੁਲਾਸਾ ਪੁਲਿਸ ਵੱਲੋਂ ਬੀਤੇ ਅੰਨੇ ਕਤਲ ਦੀ ਗੁੱਥੀ ਸੁਲਝਾਉਂਦਿਆਂ ਕੀਤਾ ਗਿਆ ਹੈ। ਪੁਲਿਸ ਵਲੋਂ ਇਸ ਮਾਮਲੇ ਵਿਚ ਦੇਸੀ ਖੂਬ ਲਾਲ ਵਾਸੀ ਮੁਜੱਫਰਪੁਰ, ਬਿਹਾਰ ਨੂੰ ਗ੍ਰਿਫਤਾਰ ਕੀਤਾ ਹੈ।
ਐਸ.ਪੀ ਸਰਫਰਾਜ ਆਲਮ ਨੇ ਦੱਸਿਆ ਕਿ 14 ਅਕਤੂਬਰ ਨੂੰ ਬੋਲੜ ਕਲਾਂ ਵਾਸੀ ਗੁਰਦੀਪ ਸਿੰਘ ਨੇ ਸੂਚਨਾ ਦਿੱਤੀ ਸੀ ਕਿ ਉਸਦੇ ਖੇਤ ਵਿੱਚ ਇੱਕ ਵਿਅਕਤੀ ਦੀ ਖੂਨ ਨਾਲ ਲੱਥਪੱਥ ਲਾਸ਼ ਪਈ ਹੈ। ਜਿਸ ’ਤੇ ਐਸ.ਆਈ. ਸਾਹਿਬ ਸਿੰਘ ਪੁਲਿਸ ਟੀਮ ਸਮੇਤ ਮੌਕੇ ’ਤੇ ਪੁੱਜੇ ਤੇ ਮੁਢਲੀ ਜਾਂਚ ਵਿਚ ਕਤਲ ਹੋਣਾ ਪਾਇਆ ਗਿਆ। ਮ੍ਰਿਤਕ ਦੀ ਪਛਾਣ ਨਰੇਸ਼ ਸਾਹਨੀ ਵਾਸੀ ਪਿਤੋਜੀਆ ਜਿਲਾ ਮਜੱਫਰਪੁਰ ਬਿਹਾਰ ਵਜੋਂ ਹੋਈ। ਥਾਣਾ ਸਨੌਰ ਵਿਖੇ ਅਣਪਛਾਤਿਆਂ ਖਿਲਾਫ ਕਤਲ ਦਾ ਮਾਮਲਾ ਦਰਜ ਕਰਕੇ ਸੀਆਈਏ ਸਟਾਫ ਟੀਮ ਵਲੋਂ ਜਾਂਚ ਸ਼ੁਰੂ ਕੀਤੀ ਗਈ।
ਐੱਸਪੀ ਅਨੁਸਾਰ ਤਫ਼ਤੀਸ਼ ਦੌਰਾਨ ਸਾਹਮਣੇ ਆਇਆ ਕਿ ਦੇਸੀ ਖੂਬਲਾਲ ਸਾਹਨੀ ਵਾਸੀ ਕਮਲਪੁਰਾ ਮੁਜੱਫਰਪੁਰ ਬਿਹਾਰ ਮ੍ਰਿਤਕ ਨਰੇਸ਼ ਦਾ ਜਾਣਕਾਰ ਹੈ। ਖੂਬ ਲਾਲ ਪਰਿਵਾਰ ਸਮੇਤ ਤੇ ਨਰੇਸ਼ ਬੋਲੜ ਕਲਾਂ ਵਿਖੇ ਚਲੇ ਗਏ ਤੇ 2-3 ਦਿਨ ਉਥੇ ਹੀ ਰਹੇ ਸਨ। ਇਸ ਦੌਰਾਨ ਨਰੇਸ਼ ਨੇ ਖੂਬਲਾਲ ਦੀ ਲੜਕੀ ਨਾਲ ਅਸ਼ਲੀਲ ਹਰਕਤ ਕੀਤੀ ਸੀ ਤੇ ਇਸੇ ਗੱਲ ਦੀ ਖੂਬਲਾਲ ਸਾਹਨੀ ਮਨ ਵਿੱਚ ਰੰਜਿਸ ਰਖੀ ਬੈਠਾ ਸੀ। 13 ਅਕਤੂਬਰ ਦੀ ਸ਼ਾਮ ਖੂਬਲਾਲ ਨੇ ਰੋਟੀ-ਪਾਣੀ ਖਾਣ ਦੇ ਬਹਾਨੇ ਨਰੇਸ਼ ਸਾਹਨੀ ਨੂੰ ਸ਼ਰਾਬ ਦੇ ਠੇਕੇ ’ਤੇ ਬੁਲਾਇਆ, ਇਥੇ ਦੋਹਾਂ ਇਕੱਠੇ ਸ਼ਰਾਬ ਪੀਤੀ। ਨਸ਼ੇ ਦੀ ਹਾਲਾਤ ਵਿੱਚ ਪਿੰਡ ਦੀ ਮੋਟਰ ’ਤੇ ਲੈ ਗਿਆ ਤੇ ਲੜਕੀ ਨਾਲ ਛੇੜਛਾੜ ਦੀ ਗੱਲ ’ਤੇ ਦੋਹਾਂ ਵਿਚ ਝਗੜਾ ਹੋ ਗਿਆ।
ਐਸਪੀ ਅਨੁਸਾਰ ਝਗੜਾ ਕਰਦਿਆਂ ਖੂਬਲਾਲ ਸਾਹਨੀ ਨੇ ਆਪਣੇ ਕੋਲ ਪਈ ਖਲਪਾੜ (ਲੱਕੜ) ਨਾਲ ਦੋ-ਤਿੰਨ ਵਾਰ ਨਰੇਸ਼ ਸਾਹਨੀ ਦੇ ਸਿਰ ਉਤੇ ਵਾਰ ਕੀਤੇ ਅਤੇ ਫਿਰ ਦਾਤੀ ਨਾਲ ਵਾਰ ਕਰਕੇ ਮਾਰ ਦਿੱਤਾ। ਇਸ ਵਾਰਦਾਤ ਨੂੰ ਲੁਕਾਉਣ ਲਈ ਖੂਬਲਾਲ ਨੇ ਨਰੇਸ਼ ਦੀ ਲਾਸ਼ ਨੂੰ ਮੋਢੇ ’ਤੇ ਚੁੱਕ ਕੇ ਬੜੀ ਹੀ ਚਲਾਕੀ ਨਾਲ ਲਿਜਾਕੇ ਪਿੰਡ ਲਲੀਨਾ ਸੜਕ ਕਿਨਾਰੇ ਰੱਖ ਦਿੱਤਾ ਤਾਂ ਜੋ ਦੇਖਣ ਨੂੰ ਇਹ ਘਟਨਾ ਮਹਿਜ ਇੱਕ ਸੜਕ ਹਾਦਸਾ ਹੀ ਲੱਗੇ। ਪੁਲਿਸ ਨੇ ਵਾਰਾਤ ਵਿਚ ਵਰਤੇ ਗਏ ਹਥਿਆਰ ਵੀ ਬ੍ਰਾਮਦ ਕਰ ਲਏ ਹਨ।