ਪਟਿਆਲਾ : ਘਰੇ ਰੰਗ ਕਰਨ ਆਏ ਬੰਦਿਆਂ ਨੇ ਇਕੱਲੀ ਰਹਿੰਦੀ ਮਹਿਲਾ ਦਾ ਲੁੱਟ ਦੇ ਇਰਾਦੇ ਨਾਲ ਕੀਤਾ ਕਤਲ, ਗ੍ਰਿਫਤਾਰ

0
1393

ਪਟਿਆਲਾ| ਜ਼ਿਲ੍ਹੇ ਦੇ ਥਾਣਾ ਖੇੜੀ ਗੰਡਿਆਂ ਅਧੀਨ ਪੈਂਦੇ ਪਿੰਡ ਭੇਡਵਾਲ ਝੁੰਗੀਆਂ ਵਿੱਚ ਘਰ ’ਚ ਇਕੱਲੀ ਰਹਿੰਦੀ 70 ਸਾਲਾ ਮਹਿਲਾ ਰਣਧੀਰ ਕੌਰ ਦੇ ਪਿਛਲੇ ਦਿਨੀ ਹੋਏ ਅੰਨ੍ਹੇ ਕਤਲ ਦੀ ਗੁੱਥੀ ਪੁਲਿਸ ਵੱਲੋਂ ਸੁਲਝਾ ਲਈ ਗਈ ਹੈ। ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਕਤਲ ਦੇ ਦੋਸ਼ ਹੇਠ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੁਲਜ਼ਮ ਰਾਮ ਦੁਗਾਰ ਸਾਹੂ ਕਤਲ ਕਰਨ ਮਗਰੋਂ ਆਪਣੇ ਪਿੱਤਰੀ ਸੂਬੇ ਬਿਹਾਰ ਵਿੱਚ ਜਾ ਕੇ ਲੁਕ ਗਿਆ ਸੀ।

ਸੀਆਈਏ ਸਟਾਫ਼ ਪਟਿਆਲਾ ਦੇ ਇੰਚਾਰਜ ਸ਼ਮਿੰਦਰ ਸਿੰਘ ਦੀ ਅਗਵਾਈ ਹੇਠਲੀ ਟੀਮ ਨੇ ਬਿਹਾਰ ਪੁਲਿਸ ਦੀ ਮਦਦ ਨਾਲ ਮੁਲਜ਼ਮ ਨੂੰ ਕਾਬੂ ਕਰਕੇ ਪਟਿਆਲਾ ਲਿਆਂਦਾ ਹੈ, ਜਦਕਿ ਦੂਸਰਾ ਮੁਲਜ਼ਮ ਅਮਰੀਕ ਸਿੰਘ ਰਿੰਕੂ ਰਾਜਪੁਰਾ ਵਿਚਲੇ ਨੀਲਪੁਰ ਪਿੰਡ ਦਾ ਰਹਿਣ ਵਾਲਾ ਹੈ। ਉਨ੍ਹਾਂ ਦੱਸਿਆ ਦੋਵੇਂ ਮੁਲਜ਼ਮ ਦੋ ਕੁ ਮਹੀਨੇ ਪਹਿਲਾਂ ਰਣਧੀਰ ਕੌਰ ਦੇ ਘਰ ਸਫੈਦੀ ਕਰਕੇ ਗਏ ਸਨ। 

ਇਸ ਦੌਰਾਨ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਵਿਧਵਾ ਮਹਿਲਾ ਦਾ ਇੱਕ ਪੁੱਤ ਖਰੜ ਤੇ ਦੂਜਾ ਵਿਦੇਸ਼ ਰਹਿੰਦਾ ਹੋਣ ਕਰਕੇ ਉਹ ਘਰ ਵਿੱਚ ਇਕੱਲੀ ਰਹਿੰਦੀ ਹੈ। ਮੁਲਜ਼ਮਾਂ ਨੇ ਲੁੱਟ ਦੀ ਨੀਅਤ ਨਾਲ ਦੋ ਅਗਸਤ ਵਾਲੇ ਦਿਨ ਘਰ ’ਚ ਦਾਖਲ ਹੋ ਕੇ ਰਣਧੀਰ ਕੌਰ ਦਾ ਗਲ਼ ਘੁੱਟ ਕੇ ਕਤਲ ਕਰਨ ਮਗਰੋਂ ਗਹਿਣੇ ਤੇ ਨਗਦੀ ਲੁੱਟ ਲਈ ਸੀ। 

ਕਤਲ ਦੀ ਇਸ ਵਾਰਦਾਤ ਨੂੰ ਐਸਪੀ ਡੀ ਹਰਬੀਰ ਅਟਵਾਲ ਦੀ ਦੇਖ-ਰੇਖ ਹੇਠ ਡੀਐਸਪੀ ਸੁਖਅੰਮ੍ਰਿਤ ਰੰਧਾਵਾ ਤੇ ਰਘਵੀਰ ਸਿੰਘ ਸਮੇਤ ਸੀਆਈਏ ਇੰਚਾਰਜ ਇੰਸਪੈਕਟਰ ਸ਼ਮਿੰਦਰ ਸਿੰਘ ਤੇ ਥਾਣਾ ਮੁਖੀ ਸੁਖਵਿੰਦਰ ਸਿੰਘ ’ਤੇ ਆਧਾਰਤ ਟੀਮ ਨੇ ਤਕਨੀਕੀ ਆਧਾਰ ’ਤੇ ਕੀਤੀ ਜਾਂਚ ਪੜਤਾਲ ਦੌਰਾਨ ਸੁਲਝਾਇਆ।