ਪਟਿਆਲਾ : ਅੰਬ ਖਰਾਬ ਨਿਕਲਣ ‘ਤੇ ਹੋਈ ਬਹਿਸ ਵਿਚਾਲੇ ਬਚਾਅ ਕਰਨ ਪੁੱਜੇ ਆਪ ਸਮਰਥਕ ਦਾ ਕਤਲ

0
861

ਪਟਿਆਲਾ| ਰਾਜਪੁਰਾ ‘ਚ ‘ਆਪ’ ਸਮਰਥਕ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ ਗਿਆ। ਹਮਲੇ ‘ਚ ਮ੍ਰਿਤਕ ਦਾ ਰਿਸ਼ਤੇਦਾਰ ਗੰਭੀਰ ਜ਼ਖਮੀ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਅੰਬ ਖਰਾਬ ਹੋਣ ‘ਤੇ ਸ਼ੁਰੂ ਹੋਈ ਬਹਿਸ ਇੰਨੀ ਵਧ ਗਈ ਕਿ ਦੋਸ਼ੀਆਂ ਨੇ ਹਮਲਾ ਕਰ ਦਿੱਤਾ। ਪੁਲਿਸ ਦਾ ਕਹਿਣਾ ਹੈ ਕਿ ਕਰੀਬ 6 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।

ਬੀਤੀ ਰਾਤ ਮ੍ਰਿਤਕ ਨੇ ਰੇਹੜੀ ਵਾਲੇ ਗੁਰਮੀਤ ਸ਼ਰਮਾ ਤੋਂ ਅੰਬ ਖਰੀਦੇ ਸਨ। ਕੁਝ ਅੰਬ ਖਰਾਬ ਹੋਣ ‘ਤੇ ਰੇਹੜੀ ਵਾਲੇ ਨਾਲ ਬਹਿਸ ਕਰਦੇ ਹੋਏ ਥੱਪੜ ਮਾਰਿਆ। ਇਸ ਦੌਰਾਨ ਜਦੋਂ ਉਸ ਦੇ ਸਾਹਮਣੇ ਫਲ ਵੇਚਣ ਦਾ ਕੰਮ ਕਰਨ ਵਾਲਾ ਪਿੰਡ ਮੰਡੌਲੀ ਦਾ ਰਹਿਣ ਵਾਲਾ ਸਚਿੰਦਰ ਸਿੰਘ ਉਸ ਨੂੰ ਬਚਾਉਣ ਲਈ ਆਇਆ ਤਾਂ ਮੁਲਜ਼ਮਾਂ ਨੇ ਸਚਿੰਦਰ ਸਿੰਘ ਦੇ ਥੱਪੜ ਮਾਰ ਦਿੱਤਾ। ਇਸ ’ਤੇ ਸਚਿੰਦਰ ਸਿੰਘ ਨੇ ਆਪਣੇ ਰਿਸ਼ਤੇਦਾਰ ਸਵਰਨ ਸਿੰਘ ਵਾਸੀ ਪਿੰਡ ਨੀਲਪੁਰ ਨੂੰ ਫੋਨ ਕੀਤਾ। ਦੋਸ਼ ਹੈ ਕਿ ਮੁਲਜ਼ਮਾਂ ਨੇ ਵੀ ਫੋਨ ਕਰਕੇ ਆਪਣੇ ਸਾਥੀਆਂ ਨੂੰ ਮੌਕੇ ’ਤੇ ਬੁਲਾਇਆ ਜੋ ਕਾਰ ਵਿੱਚ ਆਏ ਸਨ।

ਦੋਵਾਂ ਧਿਰਾਂ ਦੀ ਬਹਿਸ ਤੋਂ ਬਾਅਦ ਮਾਮਲਾ ਸ਼ਾਂਤ ਹੋਇਆ। ਮੁਲਜ਼ਮਾਂ ਨੇ ਸਵਰਨ ਸਿੰਘ ਨੂੰ ਫੋਨ ਕਰਕੇ ਧਮਕੀਆਂ ਵੀ ਦਿੱਤੀਆਂ। ਹਮਲਾਵਰਾਂ ਨੇ ਤਲਵਾਰ ਰੱਖੀ ਹੋਈ ਸੀ। ਰਾਤ ਕਰੀਬ 11.30 ਵਜੇ ਸਵਰਨ ਸਿੰਘ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ। ਜਦੋਂ ਸਚਿੰਦਰ ਸਿੰਘ ਨੇ ਸਵਰਨ ਸਿੰਘ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਵੀ ਜ਼ਖਮੀ ਹੋ ਗਿਆ। ਸਵਰਨ ਸਿੰਘ ਅਤੇ ਸਚਿੰਦਰ ਸਿੰਘ ਨੂੰ ਸਰਕਾਰੀ ਹਸਪਤਾਲ ਲਿਜਾਇਆ ਗਿਆ। ਦੋਵਾਂ ਦੀ ਹਾਲਤ ਗੰਭੀਰ ਦੇਖਦਿਆਂ ਡਾਕਟਰਾਂ ਨੇ ਚੰਡੀਗੜ੍ਹ ਰੈਫਰ ਕਰ ਦਿੱਤਾ। ਉਥੇ ਇਲਾਜ ਦੌਰਾਨ ਸਵਰਨ ਸਿੰਘ ਦੀ ਮੌਤ ਹੋ ਗਈ।

ਦੱਸਿਆ ਜਾਂਦਾ ਹੈ ਕਿ ਮ੍ਰਿਤਕ ਸਵਰਨ ਸਿੰਘ ਆਮ ਆਦਮੀ ਪਾਰਟੀ ਦਾ ਸਮਰਥਕ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਅਧਿਕਾਰੀਆਂ ਤੋਂ ਇਲਾਵਾ ਫੋਰੈਂਸਿਕ ਟੀਮ ਨੇ ਵੀ ਮੌਕੇ ਦਾ ਦੌਰਾ ਕੀਤਾ। ਪੁਲਿਸ ਨੇ ਪਿੰਡ ਢੀਂਡਸਾ ਦੇ ਵਸਨੀਕ ਹਸਮੁਖ ਸਿੰਘ, ਸੰਦੀਪ ਸਿੰਘ ਵਾਸੀ ਵਿਕਾਸ ਨਗਰ, ਸੁਖਦੇਵ ਸਿੰਘ ਵਾਸੀ ਪਿੰਡ ਭਟੇੜੀ, ਕਮਲਜੀਤ ਸਿੰਘ ਵਾਸੀ ਪਿੰਡ ਸੈਦਖੇੜੀ ਸਮੇਤ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਸਵਰਨ ਸਿੰਘ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਹੈ।