ਪਟਿਆਲਾ, 6 ਜਨਵਰੀ | ਪਟਿਆਲਾ ‘ਚ ਪ੍ਰੇਮਿਕਾ ਨਾਲ ਬ੍ਰੇਕਅੱਪ ਤੋਂ ਨਾਰਾਜ਼ ਹੋਏ ਨੌਜਵਾਨ ਨੇ ਆਪਣੇ ਹੀ ਦੋਸਤ ‘ਤੇ ਤੇਜ਼ਾਬ ਸੁਟਵਾ ਦਿੱਤਾ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਉਸ ਤੇ 3 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁੱਛਗਿੱਛ ਦੌਰਾਨ ਸਾਹਮਣੇ ਆਇਆ ਹੈ ਕਿ ਮੁਲਜ਼ਮ ਤੇਜਵੀਰ ਆਪਣੇ ਹੀ ਦੋਸਤ ਦੁਕਾਨ ਮਾਲਕ ਨਿਖਿਲ ਸਿੰਗਲਾ ਨੂੰ ਇਸ ਬ੍ਰੇਕਅੱਪ ਲਈ ਜ਼ਿੰਮੇਵਾਰ ਠਹਿਰਾ ਰਿਹਾ ਸੀ।
ਪਟਿਆਲਾ ਦੇ ਸਨੌਰ ਵਿਚ ਵਾਪਰੀ ਇਸ ਘਟਨਾ ਵਿਚ 29 ਸਾਲ ਦੇ ਨਿਖਿਲ ਦਾ ਤੇਜ਼ਾਬ ਪੈਣ ਕਾਰਨ 50 ਫੀਸਦੀ ਚਿਹਰਾ ਅਤੇ ਮੋਢਾ ਝੁਲਸ ਗਿਆ। ਨਿਖਿਲ ਨੇ ਪੁਲਿਸ ਨੂੰ ਦੱਸਿਆ ਕਿ ਤੇਜ਼ਾਬ ਸੁੱਟਣ ਵਾਲੇ ਬਾਈਕ ‘ਤੇ ਆਏ ਸਨ। ਜਦੋਂ ਉਸ ‘ਤੇ ਤੇਜ਼ਾਬ ਸੁੱਟਿਆ ਗਿਆ ਤਾਂ ਉਹ ਆਪਣੀ ਦੁਕਾਨ ਵੱਲ ਭੱਜਿਆ। ਨਿਖਿਲ ਨੂੰ ਦਰਦ ਨਾਲ ਚੀਕਦਾ ਦੇਖ ਕੇ ਲੋਕ ਉਸ ਨੂੰ ਹਸਪਤਾਲ ਲੈ ਗਏ।
ਪੀੜਤ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਗਰਿੱਡ ਕਾਲੋਨੀ ਸਨੌਰ ਦੇ ਰਹਿਣ ਵਾਲੇ ਤੇਜਵੀਰ ਨੇ 3 ਅਣਪਛਾਤੇ ਵਿਅਕਤੀਆਂ ਨੂੰ ਪੈਸੇ ਦੇ ਕੇ ਇਹ ਕੰਮ ਕਰਵਾਇਆ ਸੀ। ਉਹ ਆਪਣੀ ਪ੍ਰੇਮਿਕਾ ਦੇ ਛੱਡ ਕੇ ਜਾਣ ਲਈ ਉਸ ਨੂੰ ਜ਼ਿੰਮੇਵਾਰ ਸਮਝਦਾ ਸੀ ਅਤੇ ਉਸ ਦੇ ਦਿਲ ਵਿਚ ਇਸ ਨੂੰ ਲੈ ਕੇ ਰੰਜਿਸ਼ ਸੀ।
ਪੁਲਿਸ ਮੁਤਾਬਕ ਤੇਜਵੀਰ ਮਹਿਤਾ ਦੀ ਇਕ ਲੜਕੀ ਨਾਲ ਦੋਸਤੀ ਸੀ। ਇਕ ਦਿਨ 32 ਸਾਲ ਦੇ ਤੇਜਵੀਰ ਮਹਿਤਾ ਨੇ ਇਸ ਲੜਕੀ ਨੂੰ ਨਿਖਿਲ ਸਿੰਗਲਾ ਨਾਲ ਮਿਲਵਾਇਆ। ਅਣਵਿਆਹੇ ਨਿਖਿਲ ਨੇ ਵੀ ਲੜਕੀ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ। ਨਿਖਿਲ ਨਾਲ ਆਪਣੀ ਪ੍ਰੇਮਿਕਾ ਦੀ ਨੇੜਤਾ ਦੇਖ ਕੇ ਤੇਜਵੀਰ ਮਹਿਤਾ ਨੂੰ ਗੁੱਸਾ ਆਉਣ ਲੱਗਾ ਸੀ। ਇਸ ਕਾਰਨ ਦੋਵਾਂ ਵਿਚਾਲੇ ਤਕਰਾਰ ਹੋ ਗਈ। ਝਗੜਾ ਦੇਖ ਕੇ ਲੜਕੀ ਨੇ ਦੋਹਾਂ ਤੋਂ ਦੂਰੀ ਬਣਾ ਲਈ ਅਤੇ ਵਿਆਹ ਕਰਵਾ ਲਿਆ।
ਤੇਜਵੀਰ ਆਪਣੀ ਪ੍ਰੇਮਿਕਾ ਦੇ ਚਲੇ ਜਾਣ ਨੂੰ ਬਰਦਾਸ਼ਤ ਨਹੀਂ ਕਰ ਸਕਿਆ। ਉਸ ਨੂੰ ਮਹਿਸੂਸ ਹੋਣ ਲੱਗਾ ਕਿ ਨਿਖਿਲ ਉਸ ਦੀ ਪ੍ਰੇਮਿਕਾ ਨਾਲ ਦੂਰੀ ਦਾ ਕਾਰਨ ਹੈ ਅਤੇ ਉਸ ਨੇ ਬਦਲਾ ਲੈਣ ਦੇ ਇਰਾਦੇ ਨਾਲ ਤੇਜ਼ਾਬ ਸੁੱਟਣ ਲਈ ਸੁਪਾਰੀ ਦਿੱਤੀ। ਪੁੱਛਗਿੱਛ ਦੌਰਾਨ ਤੇਜਵੀਰ ਨੇ ਦੱਸਿਆ ਕਿ ਉਸ ਨੇ ਨਿਖਿਲ ‘ਤੇ ਤੇਜ਼ਾਬ ਸੁੱਟਣ ਲਈ ਆਪਣੇ ਇਕ ਦੋਸਤ ਨੂੰ ਕਰੀਬ 20 ਹਜ਼ਾਰ ਰੁਪਏ ਦੀ ਸੁਪਾਰੀ ਦਿੱਤੀ ਸੀ। ਤੇਜ਼ਾਬ ਸੁੱਟਣ ਵਾਲੇ ਮੁਲਜ਼ਮਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ।
ਨਿਖਿਲ ਨੂੰ ਸਬਕ ਸਿਖਾਉਣ ਲਈ ਤੇਜ਼ਾਬ ਸੁੱਟਣ ਦੀ ਰਣਨੀਤੀ ਘੜੀ ਗਈ। ਸਵੇਰ ਨੂੰ ਜਦੋਂ ਨਿਖਿਲ ਆਪਣੀ ਦੁਕਾਨ ਦੇ ਬਾਹਰ ਸੈਰ ਕਰ ਰਿਹਾ ਸੀ ਤਾਂ ਤਿੰਨ ਅਣਪਛਾਤੇ ਨੌਜਵਾਨਾਂ ਨੇ ਉਸ ‘ਤੇ ਤੇਜ਼ਾਬ ਸੁੱਟ ਦਿੱਤਾ।