ਪਟਿਆਲਾ : ਸੀਵਰੇਜ ਪਾਈਪਾਂ ਪਾਉਂਦਾ ਮਜ਼ਦੂਰ ਖੱਡੇ ‘ਚ ਡਿੱਗਾ, ਦਰਦਨਾਕ ਮੌਤ

0
1271

ਪਟਿਆਲਾ/ਭਾਦਸੋਂ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਨਗਰ ਪੰਚਾਇਤ ਭਾਦਸੋਂ ‘ਚ ਸੀਵਰੇਜ ਪਾਈਪਲਾਈਨ ਵਾਸਤੇ ਜੇਸੀਬੀ ਮਸ਼ੀਨਾਂ ਨਾਲ ਖੱਡਾ ਖੋਦਣ ਸਮੇਂ ਡੂੰਘੇ ਖੱਡੇ ਵਿਚ ਡਿੱਗ ਕੇ 30 ਸਾਲ ਦੇ ਮਜ਼ਦੂਰ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਵਿਕਾਸ ਕਾਰਜਾਂ ਤਹਿਤ ਪ੍ਰਾਈਵੇਟ ਠੇਕੇਦਾਰ ਵੱਲੋਂ ਸ਼ਹਿਰ ਦੇ ਕੁਝ ਹਿੱਸਿਆਂ ਵਿਚ ਗਲ਼ੀਆਂ ‘ਚ 15-20 ਫੁੱਟ ਡੂੰਘਾ ਟੋਇਆ ਪੁੱਟ ਕੇ ਪਾਈਪਾਂ ਪਾਈਆਂ ਜਾ ਰਹੀਆਂ ਸਨ।

ਉਥੇ ਮਜ਼ਦੂਰੀ ਕਰਦਾ ਇਕ ਨੌਜਵਾਨ ਜਦੋਂ ਕੋਈ ਕੰਮ ਕਰਨ ਖੱਡੇ ਵਿਚ ਉਤਰਿਆ ਤਾਂ ਮਿੱਟੀ ਦੀ ਢਿੱਗ ਉਸ ਉੱਤੇ ਡਿੱਗ ਗਈ, ਜਿਸ ਨਾਲ ਉਸ ਦੀ ਮੌਤ ਹੋ ਗਈ। ਲੋਕਾਂ ਨੇ ਕੜੀ ਮੁਸ਼ੱਕਤ ਤੋਂ ਬਾਅਦ ਮਜ਼ਦੂਰ ਨੂੰ ਕੱਢਿਆ। ਮ੍ਰਿਤਕ ਦੀ ਪਛਾਣ ਸੰਦੀਪ ਸਿੰਘ ਪੁੱਤਰ ਭਲਵਾਨ ਸਿੰਘ ਵਾਸੀ ਅਬੋਹਰ ਜ਼ਿਲ੍ਹਾ ਫਾਜ਼ਿਲਕਾ ਵਜੋਂ ਹੋਈ ਹੈ। ਸਥਾਨਕ ਪੁਲਿਸ ਨੇ 174 ਦੀ ਕਾਰਵਾਈ ਅਮਲ ਵਿਚ ਲਿਆ ਕੇ ਪੋਸਟਮਾਰਟਮ ਉਪਰੰਤ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਹੈ।