ਸੁਜਾਨਪੁਰ | ਪਠਾਨਕੋਟ-ਜੰਮੂ ਰਾਸ਼ਟਰੀ ਰਾਜਮਾਰਗ ‘ਤੇ ਇਕ ਸੈਂਟਰੋ ਕਾਰ ਤੇ ਟਰੱਕ ਦੀ ਟੱਕਰ ਹੋ ਗਈ, ਜਿਸ ਨਾਲ ਪੰਜਾਬ ਪੁਲਿਸ ਦੇ ASI ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅਸ਼ਵਨੀ ਕੁਮਾਰ ਵਾਸੀ ਕੋਟ ਖਾਲਸਾ (ਅੰਮ੍ਰਿਤਸਰ) ਵਜੋਂ ਹੋਈ ਹੈ।
ਜਾਂਚ ਅਧਿਕਾਰੀ ASI ਗੁਰਪ੍ਰਸਾਦ ਨੇ ਦੱਸਿਆ ਕਿ ਅਸ਼ਵਨੀ ਕੁਮਾਰ ਆਪਣੀ ਪਤਨੀ ਊਸ਼ਾ, ਬੇਟੇ ਰਜਤ, ਬੇਟੀ ਸ਼ਿਵਾਲੀ ਤੇ ਸਾਲੀ ਦੀ ਬੇਟੀ ਰੀਮਾ ਨਾਲ ਅੰਮ੍ਰਿਤਸਰ ਤੋਂ ਜੰਮੂ ਕਿਸੇ ਪ੍ਰੋਗਰਾਮ ‘ਚ ਹਿੱਸਾ ਲੈਣ ਜਾ ਰਹੇ ਸਨ, ਜਦੋਂ ਉਨ੍ਹਾਂ ਦੀ ਕਾਰ ਰੇਲਵੇ ਸਟੇਸ਼ਨ ਨੇੜੇ ਸਥਿਤ ਪੈਟਰੋਲ ਪੰਪ ਦੇ ਸਾਹਮਣੇ ਪਹੁੰਚੀ ਤਾਂ ਪੰਪ ਤੋਂ ਨਿਕਲ ਰਹੇ ਇਕ ਟਰੱਕ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ।
ਜਾਣਕਾਰੀ ਅਨੁਸਾਰ ਅਸ਼ਵਨੀ ਕੁਮਾਰ ਸਮੇਤ ਉਨ੍ਹਾਂ ਦੀ ਪਤਨੀ ਤੇ 3 ਬੱਚੇ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਪਠਾਨਕੋਟ ‘ਚ ਦਾਖਲ ਕਰਵਾਇਆ ਗਿਆ, ਜਿਥੇ ਇਲਾਜ ਦੌਰਾਨ ਅਸ਼ਵਨੀ ਦੀ ਮੌਤ ਹੋ ਗਈ।
ਟਰੱਕ ਚਾਲਕ ਦੀ ਪਛਾਣ ਮੁਹੰਮਦ ਰਫੀਕ ਵਾਸੀ ਬਾਰਾਮੁੱਲਾ ਜੰਮੂ-ਕਸ਼ਮੀਰ ਦੇ ਰੂਪ ‘ਚ ਹੋਈ। ASI ਗੁਰਪ੍ਰਸਾਦ ਨੇ ਦੱਸਿਆ ਕਿ ਪੁਲਿਸ ਨੇ ਦੋਵਾਂ ਵਾਹਨਾਂ ਨੂੰ ਕਬਜ਼ੇ ‘ਚ ਲੈ ਕੇ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।