ਲੁਧਿਆਣਾ | ਸਾਹਨੇਵਾਲ ਥਾਣੇ ਵਿੱਚ ਪੈਂਦੇ ਕੰਗਣਵਾਲ ਨੇੜੇ ਇੱਕ ਸਾਈਕਲ ਸਵਾਰ ਨੌਜਵਾਨ ਨੇ 4 ਸਾਲਾ ਮਾਸੂਮ ਬੱਚੀ ਨਾਲ ਬਲਾਤਕਾਰ ਕੀਤਾ। ਨੌਜਵਾਨ ਲੜਕੀ ਨੂੰ ਸੁੰਨਸਾਨ ਜਗ੍ਹਾ ‘ਤੇ ਲੈ ਗਿਆ। ਇਹ ਘਿਨਾਉਣੀ ਹਰਕਤ ਕਰਨ ਤੋਂ ਬਾਅਦ ਉਹ ਉਸ ਨੂੰ ਮੌਕੇ ‘ਤੇ ਛੱਡ ਕੇ ਫ਼ਰਾਰ ਹੋ ਗਿਆ।
ਲੜਕੀ ਦੇ ਪਿਤਾ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ ਲੜਕੀ ਗਲੀ ਵਿੱਚ ਖੇਡ ਰਹੀ ਸੀ। ਜਦੋਂ ਕਾਫੀ ਦੇਰ ਤੱਕ ਬੇਟੀ ਨਹੀਂ ਮਿਲੀ ਤਾਂ ਉਨ੍ਹਾਂ ਨੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਕੁਝ ਸਮੇਂ ਬਾਅਦ ਸੂਚਨਾ ਮਿਲੀ ਕਿ ਜਸਪਾਲ ਬੰਗੜ ਦੇ ਰਸਤੇ ਵਿੱਚ ਲੋਕਾਂ ਨੂੰ ਬੱਚੀ ਮਿਲੀ ਹੈ। ਜਦੋਂ ਉਹ ਉਸ ਨੂੰ ਘਰ ਲੈ ਕੇ ਆਇਆ ਤਾਂ ਉਸ ਦੇ ਕੱਪੜਿਆਂ ‘ਤੇ ਖੂਨ ਦੇ ਨਿਸ਼ਾਨ ਸਨ। ਰਿਸ਼ਤੇਦਾਰਾਂ ਨੇ ਜਦੋਂ ਲੜਕੀ ਤੋਂ ਇਸ ਬਾਰੇ ਪੁੱਛਿਆ ਤਾਂ ਉਸ ਨੇ ਸਾਰੀ ਘਟਨਾ ਬਾਰੇ ਦੱਸਿਆ।
ਜਿਸ ਤੋਂ ਬਾਅਦ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਜਦੋਂ ਇਲਾਕੇ ਵਿੱਚ ਲੱਗੇ ਸੀਸੀਟੀਵੀ ਦੀ ਜਾਂਚ ਕੀਤੀ ਤਾਂ ਇੱਕ ਨੌਜਵਾਨ ਲੜਕੀ ਨੂੰ ਸਾਈਕਲ ’ਤੇ ਲਿਜਾਂਦਾ ਨਜ਼ਰ ਆਇਆ। ਪੁਲਿਸ ਨੇ ਪਿਤਾ ਦੀ ਸ਼ਿਕਾਇਤ ‘ਤੇ ਅਣਪਛਾਤੇ ਨੌਜਵਾਨ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਫੁਟੇਜ ਦੇ ਆਧਾਰ ‘ਤੇ ਨੌਜਵਾਨ ਦੀ ਭਾਲ ਸ਼ੁਰੂ ਕਰ ਦਿੱਤੀ ਹੈ।