ਅੰਮ੍ਰਿਤਸਰ ਦੇ ਹਵਾਈ ਅੱਡੇ ‘ਤੇ ਯਾਤਰੀਆਂ ਦਾ ਹੰਗਾਮਾ, 50 ਸਵਾਰੀਆਂ ਦਾ ਸਾਮਾਨ ਜਹਾਜ਼ ‘ਚੋਂ ਲਾਪਤਾ

0
436

ਅੰਮ੍ਰਿਤਸਰ | ਦੁਬਈ ਤੋਂ ਅੰਮ੍ਰਿਤਸਰ ਜਾ ਰਹੀ ਫਲਾਈਟ ਦੇ ਯਾਤਰੀਆਂ ਨੇ ਸ਼ੁੱਕਰਵਾਰ ਸਵੇਰੇ ਪੰਜਾਬ ਦੇ ਅੰਮ੍ਰਿਤਸਰ ਜ਼ਿਲੇ ‘ਚ ਸਥਿਤ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਤਰਦਿਆਂ ਹੀ ਹੰਗਾਮਾ ਮਚਾਇਆ ਕਿਉਂਕਿ ਕਰੀਬ 50 ਯਾਤਰੀਆਂ ਦਾ ਸਾਮਾਨ ਗਾਇਬ ਸੀ। ਹੰਗਾਮਾ ਦੇਖ ਕੇ ਸਪਾਈਸ ਜੈੱਟ ਦੇ ਅਧਿਕਾਰੀਆਂ ਨੇ ਭਰੋਸਾ ਦਿੱਤਾ ਹੈ ਕਿ ਸ਼ਨੀਵਾਰ ਤੱਕ ਉਨ੍ਹਾਂ ਦਾ ਸਾਮਾਨ ਉਨ੍ਹਾਂ ਦੇ ਘਰ ਪਹੁੰਚ ਜਾਵੇਗਾ।

ਪ੍ਰਾਪਤ ਜਾਣਕਾਰੀ ਅਨੁਸਾਰ ਦੁਬਈ ਤੋਂ ਆਈ ਸਪਾਈਸ ਜੈੱਟ ਦੀ ਫਲਾਈਟ ਐਸਜੀ56 ਸ਼ੁੱਕਰਵਾਰ ਤੜਕੇ ਕਰੀਬ 3.30 ਵਜੇ ਲੈਂਡ ਹੋਈ। ਕਸਟਮ ਕਲੀਅਰੈਂਸ ਅਤੇ ਸਾਮਾਨ ਦੀ ਚੈਕਿੰਗ ਕਰ ਕੇ ਜਦੋਂ ਯਾਤਰੀ ਸਮਾਨ ਦੀ ਪੱਟੀ ‘ਤੇ ਪਹੁੰਚੇ ਤਾਂ ਕਈਆਂ ਦਾ ਸਾਮਾਨ ਨਹੀਂ ਆਇਆ। ਸਾਮਾਨ ਨਾ ਮਿਲਣ ‘ਤੇ ਸਵਾਰੀਆਂ ਘਬਰਾ ਕੇ ਸਪਾਈਸ ਜੈੱਟ ਦੇ ਕਾਊਂਟਰ ‘ਤੇ ਪਹੁੰਚ ਗਈਆਂ, ਜਿੱਥੇ ਹੰਗਾਮਾ ਹੋ ਗਿਆ।

ਕਾਊਂਟਰ ‘ਤੇ ਪਹੁੰਚ ਕੇ ਯਾਤਰੀਆਂ ਨੂੰ ਪਤਾ ਲੱਗਾ ਕਿ 1 ਜਾਂ 2 ਨਹੀਂ ਸਗੋਂ 50 ਯਾਤਰੀਆਂ ਦਾ ਸਾਮਾਨ ਗਾਇਬ ਹੈ। ਯਾਤਰੀਆਂ ਦੇ ਗੁੱਸੇ ਨੂੰ ਦੇਖਦੇ ਹੋਏ ਸਪਾਈਸ ਜੈੱਟ ਦੇ ਕਰਮਚਾਰੀਆਂ ਨੇ ਇਸ ਦੀ ਸੂਚਨਾ ਸੀਨੀਅਰ ਅਧਿਕਾਰੀਆਂ ਨੂੰ ਦਿੱਤੀ। ਯਾਤਰੀਆਂ ਨੂੰ ਸ਼ਾਂਤ ਕਰਦੇ ਹੋਏ ਸਟਾਫ ਨੇ ਵਾਅਦਾ ਕੀਤਾ ਹੈ ਕਿ ਸ਼ਨੀਵਾਰ ਤੱਕ ਹਰੇਕ ਦਾ ਸਮਾਨ ਸਿੱਧਾ ਉਨ੍ਹਾਂ ਦੇ ਘਰ ਪਹੁੰਚਾ ਦਿੱਤਾ ਜਾਵੇਗਾ। ਇਸ ਤੋਂ ਬਾਅਦ ਯਾਤਰੀ ਸ਼ਾਂਤ ਹੋਏ ਅਤੇ ਹਵਾਈ ਅੱਡੇ ਤੋਂ ਬਾਹਰ ਚਲੇ ਗਏ।